ਮੁਫ਼ਲਸੀ ਨੇ ਸਬਰ ਦੇ ਉੱਚੇ ਹਿਮਾਲੇ

ਮੁਫ਼ਲਸੀ ਨੇ ਸਬਰ ਦੇ ਉੱਚੇ ਹਿਮਾਲੇ ਖੋਹ ਲਏ!

ਮੇਰੇ ਹੱਥਾਂ ਨੇ ਮੇਰੇ ਮੂੰਹ ਦੇ ਨਿਵਾਲੇ ਖੋਹ ਲਏ!!

ਤੈਨੂੰ ਮੰਜ਼ਿਲ ਦੀ ਪਰੀ ਦਾ ਕਰਬ ਦੇਵਣ ਵਾਸਤੇ,

ਮੇਰੇ ਪੈਰਾਂ ਨੇ ਤੇਰੇ ਪੈਰਾਂ ਦੇ ਛਾਲੇ ਖੋਹ ਲਏ

ਆਉਣ ਵਾਲੇ ਖ਼ੌਫ਼ ਦੇ ਤੇਸੇ ਨੇ ਜੁੱਸੇ ਛਾਂਗ ਕੇ,

ਜਿਸਮ ਦੀ ਪਹਿਚਾਣ ਦੇ ਸਾਰੇ ਹਵਾਲੇ ਖੋਹ ਲਏ

ਪੋਲੇ ਹੱਥੀਂ, ਹੌਲੀ-ਹੌਲੀ ਮਗ਼ਰਬੀ ਤਹਿਜ਼ੀਬ ਨੇ,

ਮਸ਼ਰਕੀ ਤਹਿਜ਼ੀਬ ਦੇ ਕੰਨਾਂ ਚੋਂ ਵਾਲੇ ਖੋਹ ਲਏ

ਮੇਰੀਆਂ ਅੱਖਾਂ ਚੋਂ ਤੇਰੀ ਅੱਖ ਉਲਾਹਮੇ ਚੁਣ ਲਏ,

ਤੇਰੇ ਬੁੱਲਾਂ ਤੋਂ ਮੇਰੇ ਬੁੱਲ੍ਹਾਂ ਸੁਖਾਲੇ ਖੋਹ ਲਏ

ਬਾਰਸ਼ਾਂ ਦਾ ਸੱਪ ਲੜਿਆ ਮੇਰੇ ਘਰ ਦੀ ਛੱਤ ਨੂੰ,

ਮਾਲ ਚੋਰਾਂ ਲੁੱਟਿਆ ਸਾਧਾਂ ਨੇ ਬਾਲੇ ਖੋਹ ਲਏ

ਕੀਨ੍ਹੇ 'ਕੁਦਸੀ' ਖੋਹ ਲਿਆ ਵਿਰਸਾ ਮੇਰੀ ਤਹਿਜ਼ੀਬ ਦਾ,

ਵਸ ਨੇ ਪਾ ਦਿੱਤੇ ਹਨੇਰੇ ਤੇ ਉਜਾਲੇ ਖੋਹ ਲਏ

📝 ਸੋਧ ਲਈ ਭੇਜੋ