ਮੂੰਹ ਨੂੰ ਡੱਕਾ ਲਾ ਬੈਠਾ ਹਾਂ ।
ਆਪਣਾ ਆਪ ਭੁਲਾ ਬੈਠਾ ਹਾਂ ।
ਤੂੰ ਸੀ ਕਿਹਾ ਮੂੰਹੋਂ ਨਾ ਬੋਲੀਂ,
ਕਲਮ ਦਵਾਤੇ ਪਾ ਬੈਠਾ ਹਾਂ ।
ਅੰਦਰੋਂ ਅੱਖਰਾਂ ਰੌਲਾ ਪਾਇਆ,
ਉਹਨਾਂ ਨੂੰ ਸਮਝਾ ਬੈਠਾ ਹਾਂ ।
ਕਾਗਜ਼ ਯਾਰ ਬਣਾ ਉਹਨਾਂ ਦਾ,
ਉਸ ਨਾਲ ਮੱਥਾ ਲਾ ਬੈਠਾ ਹਾਂ ।
ਨੈਣੋਂ ਨੀਰ ਲੁਕਾਉਣ ਲੱਗੇ ਨੂੰ ,
ਰੱਬ ਦੀ ਨਜ਼ਰ ਚੜ੍ਹਾ ਬੈਠਾ ਹਾਂ ।
ਦਰਦਾਂ ਭਰੇ ਦੁਆੜ ਦੇ ਵਿੱਚੋਂ,
ਉਸਨੂੰ ਨੂੰ ਘੁੱਟ ਲੁਆ ਬੈਠਾ ਹਾਂ ।
ਉਸ ਵੱਲ ਵੇਖ ਤ੍ਰਾਹ ਜਦ ਨਿੱਕਲੀ,
ਸੋਹਣਾ ਯਾਰ ਰੁਆ ਬੈਠਾ ਹਾਂ ।
ਬੇਕਦਰਾ ਤੇਰੇ ਲੜ ਲੱਗ ਕੇ,
'ਸਰਬ' ਜਿਹਾ ਯਾਰ ਗੁਆ ਬੈਠਾ ਹਾਂ ।