ਮੁਹੱਬਤ ਦਾ ਫ਼ਕੀਰ

ਸਲਾਮ ਦੁਆ ਤਾਂ, ਲੋਕੋ ਹੁੰਦੀ ਆਈ ਹੈ

ਹੁੰਦੀ ਰਹੇਗੀ, ਦਸਤੂਰ-ਏ-ਜ਼ਮਾਨਾ

ਮੈਂ ਮੁਹੱਬਤ ਦਾ ਫ਼ਕੀਰ ਹਾਂ

ਲੋਟੇ 'ਚ ਮੁਹੱਬਤ ਪਾ ਦਿਓ

ਆਟੇ ਦੀ ਕੌਲੀ, ਲੋਕੀਂ ਯੋਗੀ ਪਾਂਵਦੇ ਝੋਲੀ

ਪਾਉਂਦੇ ਰਹਿਣਗੇ, ਮਿਥਿਆ ਪੈਮਾਨਾ

ਨੈਣਾਂ ਕਰਨਾ ਦਰਸ਼ ਹੈ ਯਾਰ ਦਾ

ਪਿਆਰ ਦਾ ਕੱਜਲਾ ਪਾ ਦਿਓ

ਤਪ ਕਰਦੇ ਆਏ ਹਾਂ, ਧੂਣੀਆਂ ਲਾ ਕੇ

ਕਰਦੇ ਰਹਾਂਗੇ, ਫ਼ੱਕਰਾਂ ਦਾ ਖ਼ਜ਼ਾਨਾ

ਜ਼ੁਲਫ਼ਾਂ ਵਿਯੋਗ 'ਚ ਜੁੜੀਆਂ ਧੋਣੀਆਂ

ਕੌਲਾ ਦਹੀਂ ਦਾ ਪਾ ਦਿਓ

ਸੱਥਰੀਂ ਬਹਿ ਗਾਉਂਦੇ ਨੇ ਯੋਗੀ

ਗਾਉਂਦੇ ਰਹਿਣਗੇ, ਯਾਰ ਵਿਯੋਗ 'ਚ ਗਾਣਾ

ਮਿਲਣ ਦੀ ਤੋੜ ਲੱਗੀ 'ਸਰਬ'

ਮਹਿਰਮ ਯਾਰ ਮਿਲਾ ਦਿਓ

ਯਾਰਾਂ ਦੀ ਬਸਤੀ 'ਚ, ਖੋ ਗਈ ਹਸਤੀ

ਖੋਂਦੀ ਰਹੇਗੀ, ਇਹ ਰੀਤ ਪੁਰਾਣੀ

ਜੇ ਯਾਰ ਦੀਦਾਰ ਨਾ ਹੋਸੀ

ਇਹ ਹਸਤੀ ਰਾਖ਼ ਮਿਲਾ ਦਿਓ

📝 ਸੋਧ ਲਈ ਭੇਜੋ