ਮੁਹੱਬਤ ਦੀ ਨਦਾਨੀ ਨੂੰ

ਮੁਹੱਬਤ ਦੀ ਨਦਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ

ਸਜ਼ਾ ਇਕ ਅਣ- ਐਲਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ

ਕਦੇ ਸਾਹਾਂ ਦਾ ਰੁਕ ਜਾਣਾ, ਕਦੇ ਖ਼ਾਬਾਂ ਦਾ ਟੁਟ ਜਾਣਾ,

ਦਿਲਾਂ ਦੀ ਤਰਜ਼ਮਾਨੀ ਨੂੰ, ਸ਼ਿਲਾਲੇਖਾਂ ਤੇ ਲਿਖ ਦੇਵੋ

ਮੇਰੀ ਹੈ ਆਖਰੀ ਖਾਹਿਸ਼ ਮਿਟਾ ਦੇਵੋ ਮਿਰੀ ਹਸਤੀ

ਉਹਦੀ ਹਰ ਮਿਹਰਬਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ

ਜਦੋਂ ਸੌਂਦਾ ਹਥੇਲੀ 'ਤੇ ਉਹ ਦੀਵੈ ਬਾਲ ਲੈਂਦਾ

ਅਨੂਠੀ ਸਾਵਧਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ

ਲਹੂ ਦੇ ਬਾਲ ਕੇ ਦੀਵੇ ਮਿਰਾ ਰਸਤਾ ਕਰੇ ਰੋਸ਼ਨ

ਕਿ ਉਸ ਦੀ ਕਦਰਦਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ।

ਇਬਾਦਤ ਇਸ਼ਕ ਦੀ ਕਰਕੇ ਹੀ ਇਹ ਵਰਦਾਨ ਮਿਲਦਾ ਹੈ

ਝਨਾਂ ਦੀ ਇਸ ਰਵਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ।

ਜੇ ਸੋਹਲੇ ਗਾਉਣ ਲੱਗੇ ਹੋ ਮਿਹਰਬਾਂ ਬਾਗਬਾਨਾਂ ਦੇ

ਸੁਮੈਰਾ ਦੀ ਵਿਰਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ।

📝 ਸੋਧ ਲਈ ਭੇਜੋ