ਮੁੱਖ ਜੋ ਮੁੱਖ ਤੋਂ ਮੁੱਖ ਨੂੰ ਮੋੜੀ ਫਿਰਦੇ ਨੇ
ਐਵੇਂ ਆਪਣੇ ਆਪ ਨੂੰ ਰੋੜੀ ਫਿਰਦੇ ਨੇ
ਤੂੰ ਰੋਨਾ ਏਂ ਖਾਲੀ ਦਿਲ ਤੇ ਸ਼ੀਸ਼ੇ ਨੂੰ
ਲੋਕੀਂ ਖ਼ੌਰੇ ਕੀ ਕੀ ਤੋੜੀ ਫਿਰਦੇ ਨੇ
ਲੱਗਦਾ ਏ ਕੋਈ ਰੋਵੇਗਾ ਕੋਈ ਹੱਸੇਗਾ
ਲੇਖ ਤੇ ਵੇਲ਼ਾ ਨੁੱਕਰਾਂ ਜੋੜੀ ਫਿਰਦੇ ਨੇ
ਕਿਹੜੇ ਨੇ ਉਹ ਕਿਹੜੇ ਵੇਲ਼ੇ ਸਮਝਾਂਗੇ
ਜਿਹੜੇ ਸਾਡੀ ਰੱਤ ਨਿਚੋੜੀ ਫਿਰਦੇ ਨੇ
ਕਿੰਨੇ ਨਾਂ ਨੇ ਜਿਹੜੇ ਆਪਣੇ ਨਾਂਵਾਂ ਲਈ
ਕਈ ਨਾਂਵਾਂ ਦੀ ਧੌਣ ਮਰੋੜੀ ਫਿਰਦੇ ਨੇ
ਚੰਗੇ ਭਲੇ ਚਿੱਟੇ ਦਿਨ ਵੀ ਰਾਤਾਂ ਜਿਹੇ
ਚੰਦਰੀ ਅੱਖ ਨੂੰ ਰੋਗ 'ਚ ਮੋੜੀ ਫਿਰਦੇ ਨੇ