ਕਦੀ ਜੇ ਓਸ ਦੇ ਮੁਖੜੇ ਤੋਂ ਪਰਦਾ ਸਿਰਕਿਆ ਹੁੰਦਾ ।
ਮੇਰੀ ਅੱਖੀਆਂ ਦਾ ਸ਼ੀਸ਼ਾ ਫੇਰ ਕਿਉਂ ਨਾ ਤਿੜਕਿਆ ਹੁੰਦਾ ।
ਉਹਦੇ ਲੰਘਣ ਦੀ ਖ਼ੁਸ਼ਬੂ ਇਸ ਤਰ੍ਹਾਂ ਆਉਂਦੀ ਫ਼ਿਜ਼ਾਵਾਂ ਚੋਂ,
ਇਤਰ ਜੀਵੇਂ ਕਿਸੇ ਨੇ ਰਾਹ ਵਿਚ ਹੈ ਛਿੜਕਿਆ ਹੁੰਦਾ ।
ਤੂੰ ਮਰਮਰ ਸੰਗ ਦੀ ਸਾਰੀ ਮੁਲਾਇਮੀ ਭੁੱਲ ਜਾਣੀ ਸੀ,
ਕਦੀ ਜੇ ਯਾਰ ਮੇਰਾ ਤੂੰ ਵੀ ਮਾਹੀਆ ਦੇਖਿਆ ਹੁੰਦਾ ।
ਤੂੰ ਸ਼ਰ ਦਾ ਬੀਜ ਬੀਜਣ ਵਾਲਿਆ ਮੇਰੀ ਜ਼ਮੀਨ ਉੱਤੇ,
ਤੂੰ ਜੰਮਨ ਤੋਂ ਹੀ ਪਹਿਲਾਂ ਕੀ ਸੀ ਜੇਕਰ ਮਰ ਗਿਆ ਹੁੰਦਾ ।
ਕਦੀ ਮੰਜ਼ਿਲ ਨਹੀਂ ਹੁੰਦੀ ਨਸੀਬਾਂ ਉਹਦਿਆਂ ਅੰਦਰ,
ਜੋ ਬੰਦਾ ਆਪ ਆਪਣੇ ਪੈਰ ਤੋਂ ਹੈ ਥਿੜਕਿਆ ਹੁੰਦਾ ।
ਉਹਦੇ ਮੁਖੜੇ ਦੀ ਲਾਲੀ ਇਸ ਤਰ੍ਹਾਂ ਦਿੰਦੀ ਵਿਖਾਈ ਏ,
ਜਿਵੇਂ ਸ਼ੌਅਲਾ ਕੋਈ ਏ ਤੂਰ ਉੱਤੇ ਭੜਕਿਆ ਹੁੰਦਾ ।
ਤੇਰੇ ਲਈ ਖੋਲ੍ਹ ਛੱਡਣੇ ਸਨ ਉਨ੍ਹੇ ਸਭ ਆਪਣੇ ਦਰਵਾਜ਼ੇ,
ਤੂੰ ਘੁੰਗਰੂ ਬਣ ਕੇ ਦਰ ਤੇ ਜੇ ਉਸ ਦੇ ਥਿਰਕਿਆ ਹੁੰਦਾ ।
ਮੇਰੇ ਮਨ ਦੀ ਪਿਆਸੀ ਧਰਤ ਨੇ ਸੈਰਾਬ ਹੋਣਾ ਸੀ,
ਤੇਰੇ ਅੰਦਰ ਜੇ ਬੱਦਲ ਪਿਆਰ ਵਾਲਾ ਕੜਕਿਆ ਹੁੰਦਾ ।
ਮੈਂ ਐਵੇਂ ਤੇ ਨਹੀਂ ਉਸ ਜ਼ਾਤ ਤੇ ਈਮਾਨ ਲੈ ਆਂਦਾ,
ਜੇ ਤੂੰ ਵੀ ਵੇਖ ਲੈਦਾ ਓਸ ਨੂੰ ਤੇ ਫੜਕਿਆ ਹੁੰਦਾ ।
ਉਦਾ ਮੱਖਣ ਜਿਹਾ ਮੁਖੜਾ ਤੇਰੇ ਲੇਖਾਂ 'ਚ ਹੋਣਾ ਸੀ,
ਕਦੀ 'ਅਰਸ਼ਦ' ਜੇ ਉਹਨੂੰ ਵਾਂਗ ਦੁੱਧ ਦੇ ਰਿੜਕਿਆ ਹੁੰਦਾ ।