ਮੁੱਕੇ ਦੂਰ-ਦੁਰੇਡੇ ਪੈਂਡੇ

ਮੁੱਕੇ ਦੂਰ-ਦੁਰੇਡੇ ਪੈਂਡੇ ਹੁਣ ਨਾ ਗੱਲਾਂ ਠਹਿਰਦੀਆਂ । 

ਪੁਰਹੀਰਾਂ 'ਚੋਂ ਹੋ ਕੇ ਲੰਘਣ ਬੱਸਾਂ ਦਿੱਲੀ ਸ਼ਹਿਰ ਦੀਆਂ । 

ਮਹਿਫ਼ਲ ਅੰਦਰ ਮੈਂ ਹੀ ਅਪਣਾ ਚਿਹਰਾ ਲੈ ਕੇ ਆਇਆ ਸੀ

ਫੇਰ ਕਿਵੇਂ ਲੋਕਾਂ ਦੀਆਂ ਨਜ਼ਰਾਂ ਮੇਰੇ ਉੱਪਰ ਠਹਿਰਦੀਆਂ

ਕਹਿੰਦੇ ਨੇ ਸਰਕਾਰੀ ਸੂਤਰ ਦੋ ਮੌਤਾਂ 'ਤੇ ਛੇ ਫ਼ੱਟੜ, 

ਬਾਕੀ ਸਭ ਅਫ਼ਵਾਹਾਂ ਸਮਝੋ ਵਾਪਰ ਚੁੱਕੇ ਕਹਿਰ ਦੀਆਂ

ਅਹਿਸਾਸਾਂ ਦੀ ਬਸਤੀ ਅੰਦਰ ਫਿਰ ਵੀ ਘੋਰ ਹਨੇਰਾ ਹੈ

ਭਾਵੇਂ ਸਿਰ 'ਤੇ ਗਈਆਂ ਹਨ ਧੁੱਪਾਂ ਸਿਖਰ ਦੁਪਹਿਰ ਦੀਆਂ । 

ਉਹਨਾਂ ਭਾਣੇ ਪਿੰਡ ਜਿਵੇਂ ਕਿ ਹੁੰਦੇ ਹੀ ਨਾ ਧਰਤੀ 'ਤੇ

ਅਖ਼ਬਾਰਾਂ ਵਿਚ ਖ਼ਬਰਾਂ ਅੱਜਕੱਲ੍ਹ ਸ਼ਹਿਰ ਦੀਆਂ ਹੀ ਸ਼ਹਿਰ ਦੀਆਂ । 

ਹਰ ਬਸਤੀ, ਹਰ ਨਗਰੀ ਅੰਦਰ ਟਹਿਲਦੀਆਂ ਜੋ ਸ਼ਾਮ ਢਲੇ

ਪੁੱਛਦੇ ਨੇ ਉਸਤਾਦ ਅਸਾਂ ਤੋਂ ਗ਼ਜ਼ਲਾਂ ਕਿਹੜੀ ਬਹਿਰ ਦੀਆਂ ?

ਗੁਲਸ਼ਨ ਵਿਚ 'ਇਕਵਿੰਦਰ' ਸਦਕੇ ਰੌਣਕ ਸੀ ਤੇ ਖੇੜਾ ਸੀ,

ਉਸਦੇ ਬਾਝੋਂ ਫੁਲ-ਪੱਤੀਆਂ ਵਿਚ ਖੁਸ਼ਬੂਆਂ ਨਾ ਠਹਿਰਦੀਆਂ

ਇਹਨਾਂ ਨੂੰ ਜੇ ਹੱਕ ਨਹੀਂ ਚੂਲੀ ਭਰ ਦਾ 'ਇਕਵਿੰਦਰ', 

ਖੇਤਾਂ ਨੂੰ ਫਿਰ ਕੀ ਨਿੱਘਾਂ ਹਨ ਭਰ-ਭਰ ਵਗਦੀ ਨਹਿਰ ਦੀਆਂ ?

📝 ਸੋਧ ਲਈ ਭੇਜੋ