ਮੁੱਕੇ ਕਦੀ ਖ਼ੁਦਾ ਕਰੇ ਜੰਗਲ ਹਨ੍ਹੇਰ ਦਾ ।
ਮੁਖੜਾ ਅਸੀਂ ਵੀ ਦੇਖੀਏ ਸੱਜਰੀ ਸਵੇਰ ਦਾ ।
ਰੱਖੀਏ ਕੀ ਆਸ ਵਕਤ ਦੇ ਪੱਤਰ ਤੋਂ ਖ਼ੈਰ ਦੀ,
ਵੰਡੇਗਾ ਛਾਂ ਕਿਸੇ ਨੂੰ ਕੀ ਬੂਟਾ ਕਨੇਰ ਦਾ ।
ਪਟਕੇ ਸਿਰਾਂ ਤੋਂ ਸਾਡਿਆਂ ਪੈਰਾਂ ਤੇ ਆ ਪਏ,
ਪਾਇਆ ਕੀ ਫਲ ਅਸਾਂ ਤੇਰੀ ਬਹੁਤੀ ਉਚੇਰ ਦਾ ।
ਤਾਰੇ ਜੋ ਖ਼ੁਦ ਨੇ ਆਪਣੀ ਹੀ ਮੰਜ਼ਿਲ ਤੋਂ ਬੇਖ਼ਬਰ,
ਦੱਸਣਗੇ ਕੀ ਪਤਾ ਮੇਰੇ ਲੇਖਾਂ ਦੇ ਫੇਰ ਦਾ ।
ਕਾਲਖ ਮੇਰੇ ਨਸੀਬ ਦੀ ਵਧਦੀ ਏ ਹੋਰ ਵੀ,
ਮੋਢੇ ਤੇ ਜਦ ਉਹ ਕਾਲੀਆਂ ਜ਼ੁਲਫ਼ਾਂ ਖਲੇਰਦਾ ।
ਨਜ਼ਰਾਂ ਤੋਂ ਭਾਵੇਂ ਕਿੰਨਾ ਈ ਉਹਲੇ ਏ ਫ਼ੇਰ ਵੀ,
ਰਹਿਣਾ ਵਾਂ ਉਹਦੇ ਨਾਮ ਦੀ ਮਾਲਾ ਮੈਂ ਫੇਰਦਾ ।
'ਸਾਕੀ' ਖ਼ਬਰ ਕੀ ਭਲਕ ਨੂੰ ਹੋਣੀ ਦੇ ਵਾਰ ਦੀ,
ਸਾਮਾਨ ਅੱਜ ਤੋਂ ਜੋੜ ਕੇ ਰੱਖ ਲੈ ਅਗੇਰ ਦਾ ।