ਮੁੱਲਾਂ ਜੀ ਇਹ ਹੂਰ ਫ਼ਰਿਸ਼ਤੇ

ਮੁੱਲਾਂ ਜੀ ਇਹ ਹੂਰ ਫ਼ਰਿਸ਼ਤੇ

ਸਾਥੋਂ ਰੱਖੋ ਦੂਰ ਫ਼ਰਿਸ਼ਤੇ

ਹਾਕਮ ਨੂੰ ਕਹਿ ਬੰਦੇ ਰੱਖੇ

ਸਾਨੂੰ ਨਈਂ ਮਨਜ਼ੂਰ ਫ਼ਰਿਸ਼ਤੇ

ਵਾਰੋ-ਵਾਰੀ ਬਣ ਜਾਂਦੇ

ਜਨਤਾ ਕਰਕੇ ਚੂਰ ਫ਼ਰਿਸ਼ਤੇ

ਸੇਠ ਵੇਠ ਨਈਂ ਰੱਬ ਤੋਂ ਪੁੱਛ ਲੈ

ਹੁੰਦੇ ਨੇ ਮਜ਼ਦੂਰ ਫ਼ਰਿਸ਼ਤੇ

’ਨ੍ਹੇਰੇ ਵੰਡਦੇ ਮੈਂ ਵੇਖੇ ਨੇ

ਇੱਥੋਂ ਦੇ ਕਈ ਨੂਰ ਫ਼ਰਿਸ਼ਤੇ

ਅਸੀਂ ਮੰਨ ਕੇ ਕੋਹੜੇ, ਤੁਸੀਂ 

ਤੋੜ ਕੇ ਹਰ ਦਸਤੂਰ ਫ਼ਰਿਸ਼ਤੇ

ਹੈ ਵੀ ਸਨ ਤਾਂ ਲੋਕਾਂ ਲੁੱਟ ਲਏ 

ਇੱਥੇ ਕਈ ਮਜਬੂਰ ਫ਼ਰਿਸ਼ਤੇ

ਆਪ ਬਣਾਏ ਖਾ ਗਏ ‘ਸੰਧੂ’

ਕਈ ਨਸਲਾਂ ਕਈ ਪੂਰ ਫ਼ਰਿਸ਼ਤੇ

📝 ਸੋਧ ਲਈ ਭੇਜੋ