ਰਾਮ ਚੰਦ ਇਕ ਸਾਡੇ ਪਿੰਡ ਥਾਨੇਦਾਰ ਸੀ ।
ਵਢੀ ਖੋਰ ਜਾਬਿਰ ਅਤੇ ਚੰਗਾ ਧਾੜਮਾਰ ਸੀ ।
ਰੋਹਬ ਦਾਬ ਦੇਂਵਦਾ ਤੇ ਦੋਹਾਂ ਪਾਸੋਂ ਖਾਵੰਦਾ ।
ਜਿਹੜਾ ਉਹਦੇ ਕੋਲ ਜਾਵੇ ਚੰਗੀ ਛਿਲ ਲਾਹਵੰਦਾ ।
ਇਕ ਦਿਨ ਸੰਧਿਆ ਨੂੰ ਦਿਨ ਐਤਵਾਰ ਸੀ ।
ਮੋਈ ਉਹਦੀ ਮਾਂ ਜਿਹੜੀ ਚਿਰਾਂ ਤੋਂ ਬੀਮਾਰ ਸੀ ।
ਰੌਲਾ ਪਿਆ ਪਿੰਡ ਵਿਚ ਹੋਈ ਆਣ ਜਾਵਣੀ ।
ਨਿਕੇ ਵਡੇ ਸਾਰੇ ਆਏ ਕਰਨ ਪਰਚਾਵਣੀ ।
ਮਖੀਆਂ ਦੇ ਵਾਂਗ ਆ ਕੇ ਜੁੜੀਆਂ ਜਨਾਨੀਆਂ ।
ਕਰਨ ਉਥੇ ਲਗ ਪਈਆਂ ਲਕ ਬੰਨ੍ਹ ਲਾਹਣੀਆਂ ।
ਜੁੜੇ ਐਨੇ ਲੋਕ ਜਿਹਦਾ ਅੰਤ ਨਾ ਸ਼ੁਮਾਰ ਸੀ ।
ਤਖ਼ਤੇ ਨੂੰ ਮੋਂਹਡਾ ਦੇਣ ਵੇਲੇ ਮਾਰੋ ਮਾਰ ਸੀ ।
ਕੋਈ ਲਾ ਕੇ ਅਖੀਆਂ ਤੇ ਥੁਕ ਪਿਆ ਰੋਂਵਦਾ ।
ਇਕ ਕੋਲੋਂ ਲੰਘ ਦੂਜਾ ਅਗੇ ਅਗੇ ਹੋਂਵਦਾ ।
ਵਰਤ ਗਿਆ ਭਾਣਾ ਫੇਰ ਦੂਜੇ ਐਤਵਾਰ ਨੂੰ ।
ਮੌਤ ਦਾ ਸੁਨੇਹਾ ਆਇਆ ਆਪ ਥਾਨੇਦਾਰ ਨੂੰ ।
ਜਿਤੀ ਹੋਈ ਬਾਜ਼ੀ ਥਾਨੇਦਾਰ ਆਪੂ ਹਰ ਗਿਆ ।
ਕੜੀ ਜੇਡਾ ਜਣਾ ਪਲੋ ਪਲੀ ਵਿਚ ਮਰ ਗਿਆ ।
ਇਕ ਵੀ ਨਾ ਪਿੰਡ ਵਿਚ ਨੇੜੇ ਆ ਕੇ ਢੁਕਿਆ ।
ਮੁਰਦੇ ਨੂੰ ਕਿਸੇ ਨਹੀਂ ਮੂੰਹਡੇ ਉਤੇ ਚੁਕਿਆ ।
ਕੋਈ ਵੀ ਨਾ ਗਿਆ ਉਥੇ ਢਾਹ ਕਿਨੇ ਮਾਰਨੀ ।
ਰੋਂਦੀ ਹੋਸੀ ਬੈਠੀ ਹੋਈ ਇਕੋ ਥਾਨੇਦਾਰਨੀ ।
ਮੋਈ ਉਹਦੀ ਮਾਂ ਲੋਕੀ ਚਰਨ ਆਏ ਛੋਹਣ ਨੂੰ ।
ਮੋਇਆ ਥਾਨੇਦਾਰ ਆਇਆ ਇਕ ਵੀ ਨਾ ਰੋਣ ਨੂੰ ।
ਈਸ਼ਰ ਇਸ ਜ਼ਿੰਦਗੀ ਦਾ ਇਹੋ ਹੀ ਇੰਜਾਮ ਏ ।
ਮੂੰਹਾਂ ਨੂੰ ਮੁਲਾਹਜ਼ੇ ਅਤੇ ਸਿਰਾਂ ਨੂੰ ਸਲਾਮ ਏ ।