ਮੈਂ ਤਾਂ
ਤੇਰੇ ਲਈ
ਜਨਮੀ ਸਾਂ ਰਾਧਾ ਬਣਕੇ
ਪਰ ਮੈਨੂੰ ਤੂੰ
ਰੁਕਮਣੀ ਬਣਾ ਕੇ ਹੀ ਸਵੀਕਾਰਿਆ
ਉਸ ਤੋਂ ਵੀ ਪਰੇ ਅਸ਼ੀਰਵਾਦ
ਸਿਰਫ ਮੀਰਾਬਾਈ ਬਣਾ ਕੇ ਦਿੱਤਾ।
ਮੈਂ ਤੈਨੂੰ
ਸਾਰੇ ਦਾ ਸਾਰਾ ਪਾਉਣਾ ਚਾਹੁੰਦੀ ਸਾਂ
ਤਾਂਹੀਓ ਰੂਪ ਬਦਲ ਆਉਂਦੀ ਰਹੀ।
ਉਂਝ ਸੁਣਿਆ ਤਾਂ ਤੁਸੀਂ ਵੀ ਇਹੋ ਹੋਵੇਗਾ
ਕਿ
ਪਰਮੇਸ਼ਵਰ ਰੂਪ ਬਦਲ ਸਕਦੈ-
ਬਦਲਦਾ ਹੋਵੇਗਾ ਰੂਪ ਵੀ ਜ਼ਰੂਰ
ਰਣਭੂਮੀ ਵਿੱਚ ਬਣਦਾ ਰਿਹੈ
ਰਥਵਾਨ ਵੀ,
ਸਤਿਐ-ਬਚਨ ਦਾ ਦਿੰਦਾ ਸੀ ਸੰਦੇਸ਼ ਜੋ
ਸੱਚ ਨੂੰ ਜਿਤਾਉਣ ਲਈ
ਕਿੰਨੀ ਵਾਰੀ
ਝੂਠ
ਵੀ ਬੋਲਿਆ ਹੈ ਉਹ
ਵਰਨਾ ਲੋੜ ਕੀ ਸੀ
ਹਾਥੀ ਨੂੰ ਅਸ਼ੋਥਾਮਾ ਕਹਿਣ ਦੀ।
ਪੂਰਾ ਯਕੀਨ ਹੈ ਮੈਨੂੰ
ਤੂੰ ਹੀ ਕਿਹਾ ਹੋਵੇਗਾ ਇਹ ਵੀ-
ਕਿ “ਪਿਆਰ ਤੇ ਜੰਗ ਵਿੱਚ ਸਭ ਜਾਇਜ਼ ਹੁੰਦੈ "
ਪਰ ਇਹ ਵੀ ਅੱਧਾ ਸੱਚ ਹੈ
ਮੇਰੇ ਲਈ ਤਾਂ ਪਿਆਰ ਵੀ ਨਜ਼ਾਇਜ ਹੈ
ਤੇਰੇ ਲਈ ਹੁੰਦੀ ਹੋਏਗੀ ਜੰਗ ਜਾਇਜ਼ ॥