ਮੁਟਿਆਰੇ ਜਾਣਾ ਦੂਰ ਪਿਆ

ਐਧਰ ਕਣਕਾਂ ਔਧਰ ਕਣਕਾਂ, 

ਵਿਚ ਕਣਕਾਂ ਦੇ ਬੂਰ ਪਿਆ, 

ਮੁਟਿਆਰੇ ਜਾਣਾ ਦੂਰ ਪਿਆ।

ਹੁਣ ਭੁੱਲ ਜਾਣੀਆਂ ਨੇ ਖਿੱਦੋ ਦੀਆਂ ਬੱਚੀਆਂ, 

ਹਾਨਣਾਂ ਸਹੇਲੀਆਂ ਜੋ ਗਿੱਧੇ ਵਿੱਚ ਨੱਚੀਆਂ, 

ਸੌਹਰਿਆਂ ਦੇ ਨਿੱਤ ਨਿੱਤ ਪਕਣੇ ਪਰੌਂਠੇ ਕੁੜੇ, 

ਪੇਕਿਆਂ ਦਾ ਠੰਡੜਾ ਤੰਦੂਰ ਪਿਆ !

ਆਲੇ ਵਿਚ ਗੁੱਡੀਆਂ ਪਟੋਲੇ ਨੇ ਉਡੀਕਦੇ, 

ਰਾਂਗਲੇ ਪੰਘੂੜੇ ਤੇਰੀ ਯਾਦ ਵਿੱਚ ਚੀਕਦੇ, 

ਤੇਰਿਆਂ ਤੇ ਹੱਥਾਂ ਵਿਚ ਮੌਲੀਆਂ ਕਲੀਚੜੇ ਤੇ 

ਸੂਹਾ ਸੂਹਾ ਡੁਲ੍ਹਦਾ ਸੰਧੂਰ ਪਿਆ।

ਉਠ ਉਠ ਤਕਦੇ ਨੇ ਗਲੀਆਂ ਦੇ ਕੱਖ ਨੀਂ, 

ਤੇਰੇ ਉੱਤੋਂ ਮੋਤੀ ਵਾਰੇ ਇੱਕ ਇੱਕ ਅੱਖ ਨੀਂ,

ਖਿੜ ਖਿੜ ਹਸਦਾ ਸੌਹਰਿਆਂ ਦਾ ਵਿਹੜਾ ਅੱਜ,

ਮਾਪਿਆਂ ਦਾ ਰੋਂਦਾ ਗ਼ਰੂਰ ਪਿਆ

ਤੇਰੇ ਬਿਨਾਂ ਖੂਹਾਂ ਦੀਆਂ ਟਿੰਡਾਂ ਨੇ ਪਿਆਸੀਆਂ, 

ਤੇਰੇ ਬਾਝ ਪੱਤਣਾਂ ਤੇ ਛਾਈਆਂ ਨੇ ਉਦਾਸੀਆਂ, 

ਢਾਕਾਂ ਉੱਤੇ ਘੜਿਆਂ ਨੂੰ ਰੱਖ ਕੇ ਉਡੀਕਦਾ ਈ, 

ਸਖੀਆਂ ਸਹੇਲੀਆਂ ਦਾ ਪੂਰ ਪਿਆ

ਢੁਕ ਚੁਕ ਬੂਥੀਆਂ ਨੇ ਵੇਖ ਰਹੀਆਂ ਮੱਝੀਆਂ, 

ਤੇਰੇ ਹੀ ਪਿਆਰ ਵਿਚ ਗੋਰੀਆਂ ਨੇ ਬੱਝੀਆਂ, 

ਮਹਿੰਦੀ ਵਾਲੇ ਚੱਪੇ ਹੱਥਾਂ ਵਿੱਚੋਂ ਜਾਂਦੇ ਵੇਖ ਹੁੰਦਾ,

ਲੱਕ ਮਧਾਣੀਆਂ ਦਾ ਚੂਰ ਪਿਆ

ਲੁਕ ਲੁਕ ਰੋਂਦੀ ਪਈ ਤੇਰੀ ਅੱਜ ਮਾਂ ਨੀ, 

ਦੋ ਦਿਨ ਹੋਰ ਮਾਣ ਜਾਂਦੀਓਂ ਇਹ ਛਾਂ ਨੀ, 

ਪਰ ਤੈਨੂੰ ਬਦੋ ਬਦੀ ਖਿੱਚ ਖਿੱਚ ਲਈ ਜਾਂਦੈ, 

ਤੇਰੀ ਹੀ ਜਵਾਨੀ ਦਾ ਕਸੂਰ ਪਿਆ

ਬਾਰੀ ਵਿੱਚ ਵੀਰਾਂ ਦੀਆਂ ਵਹੁਟੀਆਂ ਖਲੋਤੀਆਂ, 

ਹੰਝੂਆਂ ਦੇ ਨਾਲ ਜਿਨ੍ਹਾਂ ਚੁੰਨੀਆਂ ਨੇ ਧੋਤੀਆਂ, 

ਇਨ੍ਹਾਂ ਵੀ ਤੇ ਤੇਰੇ ਵਾਂਙੂ ਛੱਡ ਦਿੱਤੇ ਪੇਕੜੇ ਨੇ, 

ਮੁੱਢ ਤੋਂ ਹੀ ਇਹੋ ਦਸਤੂਰ ਪਿਆ

ਦਿੱਤਾ ਸੰਜੋਗਾਂ ਤੈਨੂੰ ਡੋਲੀ ਦਾ ਇਹ ਹੂਟਾ ਨੀ, 

ਤੇਰੇ ਬਾਝੋਂ ਸੁੱਕ ਜਾਣਾ ਤੁਲਸੀ ਦਾ ਬੂਟਾ ਨੀ, 

ਚੰਦ ਨੂੰ ਵੀ ਸੋਨੇ ਦੀਆਂ ਛਮਕਾਂ ਮਾਰ ਰਿਹਾ, 

ਘੁੰਡ ਵਾਲੇ ਮੁਖੜੇ ਦਾ ਨੂਰ ਪਿਆ। 

ਮੁਟਿਆਰੇ ਜਾਣਾ ਦੂਰ ਪਿਆ । 

📝 ਸੋਧ ਲਈ ਭੇਜੋ