ਕੀ ਹੁਣ ਫਿਰ ਪ੍ਰੀਤਾਂ ਪਾਈਏ ?

ਫਿਰ ਆਸਾਂ ਨੂੰ ਪਾਣੀ ਲਾਈਏ ?

ਫਿਰ ਆਪੇ ਵਿਚ ਰਲ ਮਿਲ ਜਾਈਏ ?

"ਨਾ ਬੀਬਾ ਹੁਣ ਮੈਂ ਨਹੀਂ ਏਨੇ ਜੋਗੀ"

ਹੁਣ ਨਹੀਂ ਇਨ੍ਹਾਂ ਡੂੰਘਿਆਂ ਪੈਂਡਿਆਂ ਦੇ ਵਿਚ ਵੜਨੇ ਜੋਗੀ

ਹੁਣ ਨਹੀਂ ਇਨ੍ਹਾਂ ਬਲਦੀਆਂ ਅੱਗਾਂ ਦੇ ਵਿਚ ਸੜਨੇ ਜੋਗੀ

ਹੁਣ ਨਹੀਂ ਏਨੀ ਮੂਰਖ !

ਆਪਣੀ ਕੱਖਾਂ ਦੀ ਕੁੱਲੀ ਨੂੰ, ਆਪ ਚੁਆਤੀ ਲਾਵਾਂ,

ਪਿਛਲੀਆਂ ਗੱਲਾਂ ਐਵੇਂ ਛੇੜੇਂ,

ਖੇਹਨੂੰ ਵਿਚੋਂ ਲੀਰਾਂ ਨਿਕਲਣ,

ਤੇਰੀਆਂ ਕੀਤੀਆਂ ਯਾਦ ਨੇ ਮੈਨੂੰ

ਭੁਲਦੀਆਂ ਭੁਲਦੀਆਂ ਭੁਲਣ !

ਜਦ ਹੁਣ ਦਿਲੋਂ ਮੁਕਾਈ ਅੜਿਆ

ਕੀ ਮੁੜ ਕਰਨੀ ਸੁਣਨੀਂ

ਰਾਹ ਭਲਾ ਹੁਣ ਕਾਹਨੂੰ ਪੁੱਛੀਏ

ਪਿੰਡ ਨਹੀਂ ਜਦ ਜਾਣਾ

ਝੱਟ ਨੂੰ ਭਾਰ ਜੇ ਸੱਟਣਾ ਹੋਵੇ,

ਪਹਿਲਾਂ ਕਾਹਨੂੰ ਚਾਣਾ

"ਨਾ ਹੁਣ ਬੀਬਾ ਮੈਂ ਨਹੀਂ ਏਨੇ ਜੋਗੀ"

📝 ਸੋਧ ਲਈ ਭੇਜੋ