ਨਾ ਚੇਤਰ ਸੀ ਮੇਰਾ ਕੋਈ

ਨਾ ਚੇਤਰ ਸੀ ਮੇਰਾ ਕੋਈ, ਨਾ ਕੋਈ ਸਾਵਣ ਸੀ। 

ਮੇਰਾ ਤਾਂ ਪੱਤਝੜਾਂ ਦੇ ਨਾਲ ਉੱਠਣ ਬੈਠਣ ਸੀ।

ਹਮੇਸ਼ਾ ਹਰ ਘੜੀ ਮੈਨੂੰ ਹੀ ਤੋੜਿਆ ਉਸ ਨੇ,

ਮੇਰੇ ਅੰਦਰ ਹੀ ਕੋਈ ਸ਼ਖ਼ਸ ਮੇਰਾ ਦੁਸ਼ਮਣ ਸੀ।

ਤੇਰੇ ਆਕਾਸ਼ ਤੇ ਤਾਰੇ ਨਜ਼ਰ ਕਿਵੇਂ ਆਉਂਦੇ, 

ਤੇਰੇ ਆਕਾਸ਼ ਤੇ ਸੂਰਜ ਦਾ ਖ਼ੂਬ ਚਾਨਣ ਸੀ।

ਮੈਂ ਐਸੇ ਸ਼ਖ਼ਸ ਦੀ ਅਪਣੱਤ ਕਬੂਲਦਾ ਕੀਕਰ, 

ਜਿਦ੍ਹੇ ਹਰ ਬੋਲ ਵਿਚ ਅੰਤਾਂ ਦਾ ਅਜਨਬੀਪਣ ਸੀ

ਅਸਾਂ ਦਾ ਜੀਣ ਵੀ ਕੀ ਜੀਣ ਸੀ ਤੇਰੇ ਬਾਝੋਂ,

ਕਿ ਵਾਲੋਂ ਨਿੱਕਿਆਂ ਰਾਹਾਂ ਦੇ ਉਤੋਂ ਗੁਜ਼ਰਣ ਸੀ।

ਇਹ ਜਿਹੜਾ ਬਿਰਖ ਅੱਜ ਸਿਵਿਆਂ 'ਚ ਬਲ ਰਿਹੈ ਯਾਰੋ, 

ਇਦ੍ਹਾ ਹਾਣੀ ਕਦੀ ਤੀਆਂ ਦਾ ਇੱਕ ਤ੍ਰਿੰਝਣ ਸੀ।

ਹਯਾਤੀ ਕੀ ਸੀ ਬਸ ਇੱਕ ਇਮਤਿਹਾਨ ਸੀ ‘ਕੇਸ਼ੀ', 

ਜ਼ਮਾਨੇ ਸਾਹਮਣੇ ਆਪਣੀ ਖ਼ੁਦੀ ਨੂੰ ਪਰਖਣ ਸੀ।

📝 ਸੋਧ ਲਈ ਭੇਜੋ