ਨਾ ਈਸਾ ਨਫ਼ਸ ਨੂੰ ਮਿਲਦਾ

ਨਾ ਈਸਾ ਨਫ਼ਸ ਨੂੰ ਮਿਲਦਾ ਤੇ ਨਾ ਬੀਮਾਰ ਹੁੰਦਾ ਮੈਂ

ਤੇਰੇ ਨੈਣਾਂ ਚੋਂ ਨਾ ਪੀਂਦਾ ਤੇ ਕਿਉਂ ਮੈਖ਼ੁਆਰ ਹੁੰਦਾ ਮੈਂ

ਮੁਕੱਦਰ ਰੋਲ ਗਏ ਮੈਨੂੰ ਮੈਂ ਕਾਹਨੂੰ ਇੰਜ ਰੁਲਣਾ ਸੀ,

ਕਦੀ ਮੈਂ ਕੱਖ ਨਾ ਹੁੰਦਾ ਤੇਰੀ ਦੀਵਾਰ ਹੁੰਦਾ ਮੈਂ

ਸਵੱਲੇ ਭਾਗ ਜੇ ਹੁੰਦੇ ਤੇ ਮੈਂ ਇਨਸਾਨ ਨਾ ਹੁੰਦਾ,

ਤੇਰੇ ਨਜ਼ਦੀਕ ਤੇ ਰਹਿੰਦਾ ਫੁੱਲਾ ਖ਼ਾਰ ਹੁੰਦਾ ਮੈਂ

ਕਰਾਂ ਦਰਬਾਨ ਦੇ ਤਰਲੇ ਪਵਾਂ ਸਾਕੀ ਦੇ ਪੈਰੀਂ ਮੈਂ,

ਕਿਸੇ ਦਾ ਭਾਰ ਨਾ ਹੁੰਦਾ ਜੇ ਉਹਦਾ ਯਾਰ ਹੁੰਦਾ ਮੈਂ

ਵਿਛੁੰਨਾ ਦਾਰ ਤੋਂ ਕੁਰਲਾ ਰਿਹਾ ਹਾਂ ਕੂੰਜ ਵਾਂਗੂੰ ਮੈਂ,

ਕਦੀ ਜੇ ਕੂੰਜ ਨਾ ਹੁੰਦਾ ਤੇ ਕੱਲਾ ਡਾਰ ਹੁੰਦਾ ਮੈਂ

ਰਿਹਾ ਸੁਲਤਾਨ ਮੈਂ ਸੁਲਤਾਨ ਤਾਂ ਇਹ ਦੁੱਖ ਸਹਿਣੇ ਪਏ,

ਗ਼ੁਲਾਮੀ ਮੰਗਦਾ ਤੇ ਨਾ ਜ਼ਲੀਲੋ ਖ਼ਵਾਰ ਹੁੰਦਾ ਮੈਂ

📝 ਸੋਧ ਲਈ ਭੇਜੋ