ਚੁਪ ਕਰ ਦੜ ਵਟ ਜਾ ਨਾ ਇਸ਼ਕ ਦਾ ਖੋਲ ਖੁਲਾਸਾ
ਸਸੀ ਰਾਹ ਇਸ਼ਕ ਤੇ ਖੜਕੇ ਵਿਚ ਥਲਾਂ ਦੇ ਮਰ ਗਈ ਸੜਕੇ
ਉਹਦਾ ਟੁਰ ਗਿਆ ਭੌਰ ਪਿਆਸਾ ਚੁਪ ਕਰ ਦੜ ਵਟ ਜਾ
ਕਿਸੇ ਨੇ ਖੂਕ ਜੰਗਲ ਵਿਚ ਚਾਰੇ ਕਿਸੇ ਨੇ ਛਡੇ ਬਲਖ ਬੁਖਾਰੇ
ਇਕ ਨਾਂ ਦਾ ਟੁਟ ਗਿਆ ਕਾਸਾ ਚੁਪ ਕਰ ਦੜ ਵਟ ਜਾ
ਰਾਂਝਾ ਕੰਨ ਵਿਚ ਮੁੰਦਰਾਂ ਪਾਵੇ ਹੀਰ ਦੇ ਦਰ ਤੇ ਅਲਖ ਜਗਾਵੇ
ਸਾਰੇ ਜਗ ਵਿਚ ਪੈ ਗਿਆ ਹਾਸਾ ਚੁਪ ਕਰ ਦੜ ਵਟ ਜਾ
ਗਲ ਵਿਚ ਕਫਨੀ ਪ੍ਰੇਮ ਦੀ ਪਾ ਲੈ ਦਿਲਬਰ ਯਾਰ ਦਾ ਵਿਰਦ ਪਕਾ ਲੈ
ਬਹਿ ਜਾ ਦਰ ਤੇ ਲਾਕੇ ਆਸਾ ਚੁਪ ਕਰ ਦੜ ਵੱਟ ਜਾ
ਇਸ਼ਕ ਜ਼ਾਲਮ ਪਹਿਲਾਂ ਮਸਤ ਬਨਾਉਂਦਾ ਪਿਛੋਂ ਜੰਗਲਾਂ ਵਿਚ ਸੁਕਾਉਂਦਾ
ਇਹ ਮਾਸ ਨਾ ਛਡਦਾ ਮਾਸਾ ਚੁਪ ਕਰ ਦੜ ਵਟ ਜਾ
ਹਸ਼ਮਤ ਸ਼ਾਹ ਤੂੰ ਭੇਤ ਨਾ ਖੋਲ੍ਹੀਂ ਐਵੇਂ ਅਪਣੀ ਜਾਨ ਨ ਰੋਲੀਂ
ਪੁਟੀਂ ਅਖ ਨਾ ਬਦਲੀਂ ਪਾਸਾ ਚੁਪ ਕਰ ਦੜ ਵਟ ਜਾ