ਨਾ ਜੀਂਦੇ ਰਹੇ ਨਾ ਮਾਰੇ

ਨਾ ਜੀਂਦੇ ਰਹੇ ਨਾ ਮਾਰੇ ਗਏ ਹਾਂ।

ਜਦੋਂ ਦੇ ਸੱਜਣ ਦੇ ਦਵਾਰੇ ਗਏ ਹਾਂ।

ਚੜ੍ਹੇ ਸਾਂ ਸਮੇਂ ਨੂੰ ਸ਼ਰਾਬਾਂ ਦੇ ਵਾਂਗਰ, 

ਜ਼ਹਿਰ ਵਾਂਗਰਾਂ ਪਰ ਉਤਾਰੇ ਗਏ ਹਾਂ।

ਨਹੀਂ ਗ਼ਮ ਕਿ ਮਿਟ ਕੇ ਦੁਬਾਰਾ ਬਣੇ ਹਾਂ, 

ਨਵੇਂ ਹੋ ਗਏ ਹਾਂ, ਨਿਖਾਰੇ ਗਏ ਹਾਂ।

ਕਿਤੇ ਭੈੜੀ ਦੁਨੀਆਂ 'ਚ ਗੁੰਮ ਹੀ ਨਾ ਜਾਈਏ,

ਰਤਾ ਭੀੜ ਤੋਂ ਹੋ ਕਿਨਾਰੇ ਗਏ ਹਾਂ।

ਨਾ ਪੁੱਛੋ ਕਿਵੇਂ ਤੇਗ ਦੀ ਜੂਨ ਪਾਈ,

ਬੜਾ ਲਾਲ ਕਰ ਕਰ ਕੇ ਠਾਰੇ ਗਏ ਹਾਂ।

ਰਤਾ ਦੱਸਣਾ ਤਰਸ ਖਾਵਣ ਤੋਂ ਪਹਿਲਾਂ, 

ਕਦੋਂ ਦੇ ਅਸੀਂ ਹੋ ਵਿਚਾਰੇ ਗਏ ਹਾਂ।

ਕਿਸੇ ਫ਼ਾਸਲੇ ਤੀਕ ਅੰਬਰ ਤਾਂ ਗਾਹਿਆ, 

ਗਿਲਾ ਕੀ ਜੇ ਬਣ ਕੇ ਗੁਬਾਰੇ ਗਏ ਹਾਂ।

ਮੁਬਾਰਕ ਮੇਰੇ ਇਸ਼ਕ ਨੂੰ ਆਖ ‘ਕੇਸ਼ੀ', 

ਤੇਰਾ ਨਾਮ ਲੈ ਕੇ ਪੁਕਾਰੇ ਗਏ ਹਾਂ।

📝 ਸੋਧ ਲਈ ਭੇਜੋ