ਨਾ ਜੀਵੇ ਜ਼ਿੰਦਗੀ ਵਰਗਾ, ਨਾ ਗਾਇਆ ਸ਼ਾਇਰੀ ਵਰਗਾ।
ਅਸਾਂ ਤਾਂ ਹਰ ਘੜੀ ਮੌਸਮ ਹੰਢਾਇਆ ਖੁਦਕਸ਼ੀ ਵਰਗਾ।
ਜਦੋਂ ਵੀ ਯਾਦ ਆਉਂਦਾ ਹੈ ਕਿਵੇਂ ਤੜਪਾ ਜਿਹਾ ਜਾਂਦੈ,
ਥਲਾਂ ਦੀ ਬਾਤ ਪਾਉਂਦਾ ਸੀ ਜੋ ਉਹ ਚਿਹਰਾ ਨਦੀ ਵਰਗਾ।
ਅਜੇ ਹਾਸਿਲ ਨਹੀਂ ਹੋਇਆ ਤਦੇ ਹਾਂ ਆਖਦੇ ਸ਼ਾਇਦ,
ਕੋਈ ਮੇਵਾ ਨਹੀਂ ਕਿਧਰੇ ਮੁਹੱਬਤ ਦੀ ਖ਼ੁਸ਼ੀ ਵਰਗਾ ।
ਮੈਂ ਉਸ ਦਿਨ ਤੋਂ ਹੀ ਸਮਝਾਂਗਾ ਕਿ ਮੈਨੂੰ ਮਿਲ ਗਈ ਮੰਜ਼ਲ,
ਕੋਈ ਜਦ ਆਦਮੀ ਮਿਲਿਆ ਨਿਰਾ ਬਸ ਆਦਮੀ ਵਰਗਾ।
ਮੈਂ ਡਿੱਠਾ ਉਸ ਦਾ ਚਾਨਣ ਹੀ ਵੈਰੀ ਹੈ ਧੁਰੋਂ ਉਸ ਦਾ,
ਵਿਚਾਰੀ ਵੇਸਵਾ ਚਿਹਰਾ ਹੈ ਜਿਸ ਦਾ ਚਾਂਦਨੀ ਵਰਗਾ।
ਮੈਂ ਲੋਕਾਂ ਦੇ ਗੁਨਾਹਾਂ ਦੀ ਸਜ਼ਾ ਹੱਸ ਹੱਸ ਕੇ ਭੋਗੀ ਹੈ,
ਕੋਈ ਆਲਮ ਨਹੀਂ ਕਿਧਰੇ ਮੇਰੀ ਦੀਵਾਨਗੀ ਵਰਗਾ !
ਤੇਰਾ ਚਿਹਰਾ ਕਿਸੇ ਸਾਜ਼ਿਸ਼ ਦਾ ਦਮ ਭਰਦਾ ਪਿਐ 'ਕੇਸ਼ੀ,
ਕੋਈ ਚਾਤਰ ਨਹੀਂ ਮਿਲਣਾ ਤੇਰੀ ਬੇਚਾਰਗੀ ਵਰਗਾ ।