ਨਾ ਕੋਈ ਬਦਲ ਸਕਿਆ, ਤੇ ਨਾ ਹੀ ਕੋਈ ਬਦਲ ਸਕੇਗਾ,
ਆਪਣੀ ਚਾਲ ਆਪੇ ਹੀ ਚਲਦੀ ਰਹੀ ਏ ਦੁਨੀਆਂਦਾਰੀ।
ਅਜੇ ਹੁਣ ਤਾਂ ਗੰਢੀ ਸੀ, ਤੇ ਐਨੀ ਜਲਦੀ ਟੁੱਟ ਵੀ ਗਈ,
ਰੂੰਅ ਦੇ ਕੱਚੇ ਧਾਗਿਆਂ ਵਰਗੀ ਏ, ਅੱਜਕਲ ਦੀ ਯਾਰੀ।
ਨਰਮ-ਦਿਲ ਜਿਸਮਫਰੋਸ਼ ਨੂੰ ਆਬਰੂ ਲੁਟਾ ਦਿੰਦੀਆਂ,
ਕਿੰਨੀ ਮੂਰਖ ਤੇ ਬੇਸਮਝ ਹੈ, ਅੱਲ੍ਹੜਾਂ ਦੀ ਇਸਕ-ਖੁਮਾਰੀ।
ਜੋ ਗੱਲ ਕਰੇ ਨਸ਼ਿਆਂ, ਹਥਿਆਰਾਂ, ਤੇ ਔਰਤ-ਜਿਸਮਾਂ ਦੀ,
ਟੀ. ਵੀ. ਮੋਬਾਈਲਾਂ ਤੇ ਰਾਜ ਕਰ ਰਹੀ ਏ ਲੰਡੂ ਗੀਤਕਾਰੀ।
ਨਾ ਮਾਂ ਮਾਰ ਨਾ ਮੈਨੂੰ, ਵੇਖ ਲੈਣ ਦੇ ਸੁੰਦਰ ਦੁਨੀਆਂ ਨੂੰ,
ਅੱਜ ਪੇਟ ਵਿੱਚ ਰੋ-ਰੋ ਕੇ ਕੂਕ ਰਹੀ ਏ, ਕੁੜੀ ਵਿਚਾਰੀ।
ਇਨਸਾਨ ਕਦੇ ਚ੍ਹਾਕੇ ਵੀ, ਪੂਰਨ ਵਫਾ ਨਹੀਂ ਕਰ ਸਕਦਾ,
ਸਦਾ ਹੀ ਮਸਹੂਰ ਰਹੂਗੀ, ਕੁੱਤਿਆਂ ਦੀ ਵਫ਼ਾਦਾਰੀ।
ਕੋਈ ਨਾ ਅੱਜ ਦਿਲ ਭਰਕੇ ਲੁੱਟ ਲੈ ਇਸ਼ਕ-ਖਜਾਨੇ ਨੂੰ,
ਸਿੱਧੂ' ਕਦੇ ਤਾਂ ਚੁਕਾਉਣੀ ਪਊ ਤੈਨੂੰ ਕੀਮਤ ਬੜੀ ਭਾਰੀ।