ਨਾ ਲੜ ਸੰਤਾਂ ਦੇ ਸੰਗ ਨੀ ਮਤਵਾਲੀਏ ਜੋਗਣੇ
ਇਹ ਤੇਰੇ ਵਿਚ ਪਰਦਾ ਜੇਹੜਾ, ਇਕ ਦਿਨ ਡੋਬੂ ਸ਼ੌਹ ਵਿਚ ਬੇੜਾ
ਕਰ ਯਾਰ ਦੇ ਮਿਲਨ ਦਾ ਢੰਗ ਨੀ ਮਤਵਾਲੀਏ ਜੋਗਣੇ
ਪਾਈ ਫਿਰੇਂ ਜੰਜਾਲ ਬਖੇੜੇ, ਗੋਰ ਨ ਪਹੁੰਚਾ ਤੇਰੇ ਨੇੜੇ
ਤੇਰੇ ਦਿਲ ਦੇ ਰਸਤੇ ਤੰਗ ਨੀ ਮਤਵਾਲੀਏ ਜੋਗਣੇ
ਸਾਰ ਤੇਰੀ ਜਦ ਗੋਰ ਨੇ ਲੈਣੀ, ਸਟ ਤੇਰੇ ਓਦੋਂ ਕਰੜੀ ਪੈਣੀ
ਤੇਰਾ ਤੋੜ ਸੁਟੂ ਅੰਗ ਅੰਗ ਨੀ ਮਤਵਾਲੀਏ ਜੋਗਣੇ
ਪੰਜ ਚਾਰ ਰਲ ਤੈਨੂੰ ਹੇਠ ਦਬਾਯਾ, ਦੋਨ੍ਹਾਂ ਨੇ ਦਬਕੇ ਰਗੜਾ ਲਾਯਾ
ਮੈਂ ਮਾਰੀ ਤੇਰੀ ਹੋ ਨਸੰਗ ਨੀ ਮਤਵਾਲੀਏ ਜੋਗਣੇ
ਜੇ ਤੂੰ ਚਾਲੀ ਛਾਲਾਂ ਮਾਰੇਂ, ਡੁਬੇ ਹੋਏ ਫਿਰ ਬੇੜੇ ਤਾਰੇਂ
ਤੇਰੇ ਦਰ ਤੇ ਵਗਦੀ ਗੰਗ ਨੀ ਮਤਵਾਲੀਏ ਜੋਗਣੇ
ਹਸ਼ਮਤ ਸ਼ਾਹ ਦੀ ਹੋ ਜਾ ਚੇਲੀ, ਕਰ ਦੇਵੇ ਤੇਰੀ ਸਾਫ਼ ਹਵੇਲੀ
ਹੋ ਜਾਏਂ ਮਸਤ ਮਲੰਗ ਨੀ ਮਤਵਾਲੀਏ ਜੋਗਣੇ