ਨਾ ਲਿਖਿਆ ਕਰ ਧੀਏ ਮੇਰੀਏ
ਨੀ ਸਾਡੇ ਰੀਤ ਨੀ ਹੈਗੀ।
ਰਿਸਣ ਨਾ ਦੇਵੀਂ ਜ਼ਖ਼ਮਾਂ ਨੂੰ
ਨੀ ਦੁਨੀਆ ਕੀ ਕਹੂਗੀ।
ਐਵੇਂ ਨਾ ਕਲਮਾਂ ਘੜੀ ਜਾ
ਨੀ ਕਾਨੀ ਸ੍ਰਾਪ ਦੇਊਗੀ।
ਸਿਆਹੀ ਨਾ ਐਵੇਂ ਘੋਲ਼ ਕੁੜੇ
ਨੀ ਕੱਪੜਾ-ਲੱਤਾ ਭਿਓਂਏਂਗੀ।
ਕਾਪੀ ਨੂੰ ਰੱਖ ਕੇ ਸਾਮ੍ਹਣੇ
ਨੀ ਲੇਖਾਂ ਲੇਖ ਲਿਖੀਂ ਨਾ।
ਢੱਕੀ ਰਹਿ, ਚੁੱਪ ਕਰ ਬਹਿ
ਨੀ ਅੱਖਰਾਂ ਵਿੱਚ ਦਿਸੀਂ ਨਾ।
ਤੈਨੂੰ ਮਾਂ ਤੇਰੀ ਹਾਂ ਰੋਕਦੀ
ਨੀ ਦੁੱਖ ਉਛਾਲ਼ੀਂ ਨਾ।
ਗਏ ਨਾ ਲਿਖਿਆਂ ਬਹੁੜਨੇ
ਨੀ ਸੱਜਣ ਭਾਲ਼ੀਂ ਨਾ।
ਚੱਲ ਮੇਰੀ ਧੀਏ ਰਾਣੀਏ
ਗੁਰਦੁਆਰੇ ਚੱਲੀਏ।
ਨਾਨਕ ਸਾਹਿਬ ਤੋਂ ਸੇਧ ਲੈ
ਓਸ ਰਸਤੇ ਚੱਲੀਏ।
ਕਿਹਾ ਸਰਬ ਸਤਿਕਾਰ ਨਾਲ਼
ਨੀ ਮਾਂ ਮੈਨੂੰ ਲਿਖ ਲੈਣ ਦੇ।
ਕਿਉਂ ਅੱਧ 'ਚੋਂ ਟੁੱਟਦਾ ਪਿਆਰ
ਨੀ ਮਾਂ ਮੈਨੂੰ ਪੁੱਛ ਲੈਣ ਦੇ
ਵਾਇਅਦਾ ਹੈ ਮੇਰਾ ਤੇਰੇ ਨਾਲ਼
ਮੈਂ ਕਰੂੰ ਸੁਹਣੇ ਵਿਹਾਰ,
ਨੀ ਮਾਂ ਤੇਰੀ ਸਰਬ ਦੀ
ਹੂਕ ਸੁਣੂਗਾ ਸਤਿ ਕਰਤਾਰ।