ਜ਼ਿੰਦਗੀ ਪਾਈ ਹੈ ਮੌਤ ਦੀ ਗੋਦ ਵਿੱਚੋਂ,
ਨਾ ਮੌਤ ਦਾ ਡਰ ਵਿਖਾ ਬੀਬਾ॥
ਸਮਾਂ ਜਦੋਂ ਨਗਾਰੇ ਤੇ ਚੋਟ ਲਾਂਦੈ,
ਚੜ੍ਹ ਜਾਂਦਾ ਹੈ ਸਾਨੂੰ ਫਿਰ ਚਾਅ ਬੀਬਾ॥
ਅਸੀਂ ਸ਼ਾਂਤ ਰਹੇ ਉਬਲਦੀਆਂ ਦੇਗਾਂ ਅੰਦਰ,
ਗੁੱਸਾ ਫੇਰ ਨਾ ਸਾਨੂੰ ਚੜ੍ਹਾ ਬੀਬਾ॥
ਪੜ੍ਹੇ ਹੋਏ ਹਾਂ ਪਾਠ ਕੁਰਬਾਨੀਆਂ ਦੇ,
ਸਾਨੂੰ ਹੋਰ ਨਾ ਪਾਠ ਪੜ੍ਹਾ ਬੀਬਾ ॥
ਹੁਣ ਖ਼ਾਲਸੇ ਮਾਰਚ ਅਰੰਭ ਕੀਤੈ,
ਅਸੀਂ ਲੈਣਾ ਅਟਕ ਅਟਕਾ ਬੀਬਾ॥
ਅਸੀਂ ਜੰਮੇ ਤਲਵਾਰ ਦੀ ਧਾਰ ਵਿੱਚੋਂ,
ਨਾ ਰੌਹਬ ਤਲਵਾਰ ਦਾ ਪਾ ਬੀਬਾ॥
ਅਸੀਂ ਰਾਖੇ ਦੇਸ਼ ਪੰਜਾਬ ਦੇ ਹਾਂ,
ਅਸੀਂ ਵਾਰਸ ਸ਼ੇਰ-ਇ-ਪੰਜਾਬ ਦੇ ਹਾਂ॥
ਵਿੰਨ੍ਹੇ ਕੰਢਿਆਂ ਨਾਲ ਨੇ ਹੱਥ ਸਾਡੇ,
ਬਾਗੋਂ ਵਿਛੜੇ ਫੁੱਲ ਗੁਲਾਬ ਦੇ ਹਾਂ॥
ਅਜੇ ਤੀਕ ਦਲੀਪ ਨਹੀਂ ਮੋੜ ਸਕੇ,
ਸ਼ੇਰਾ ਸੁੱਤਿਆ ਤੇਰੇ ਜੁਆਬ-ਦੇਹ ਹਾਂ॥
ਜਿਹੜੀ ਲਿਖੀ ਸ਼ਹੀਦਾਂ ਦੇ ਖ਼ੂਨ ਅੰਦਰ,
ਖਿਲਰੇ ਵਰਕੇ ਉਸ ਕਿਤਾਬ ਦੇ ਹਾਂ॥
ਰਾਣੀ ਜਿੰਦਾਂ ਦੀ ਕੂਕ ਪਈ ਗੂੰਜਦੀ ਹੈ,
ਧੋਖਾ ਫੇਰ ਨਾ ਲਈਂ ਤੂੰ ਖਾ ਬੀਬਾ॥
ਸੀਸ ਨੇਜ਼ਿਆਂ ਤੇ ਟੰਗਣਾ ਜਾਣਦੇ ਹਾਂ,
ਨਾ ਰੌਹਬ ਤਲਵਾਰ ਦਾ ਪਾ ਬੀਬਾ॥
ਝੰਡੇ ਝੁੱਲੇ ਜਮਰੋਦ 'ਚ ਖ਼ਾਲਸੇ ਦੇ,
ਭਾਵੇਂ ਜ਼ੁਲਮੀ ਹਨੇਰੀਆਂ ਵੱਗੀਆਂ ਨੇ॥
ਬਾਂਗਾਂ ਅਤੇ ਜੈਕਾਰੇ ਵੀ ਗੂੰਜਦੇ ਰਹੇ,
ਜੋਤਾਂ ਮੰਦਰਾਂ ਅੰਦਰ ਵੀ ਜੱਗੀਆਂ ਨੇ॥
ਲੋਕ ਸਭਾ ਕਿਰਪਾਨ ਨੇ ਕਾਇਮ ਕੀਤੀ,
ਕਿਉਂ ਕਿਰਪਾਨ ਉੱਤੇ ਰੋਕਾਂ ਲੱਗੀਆਂ ਨੇ॥
ਜਿਹਦੀ ਖ਼ਾਤਰ ਹੈ ਪੰਥ ਨੇ ਲਹੂ ਦਿੱਤਾ,
ਹੋਈਆਂ ਉਸ ਨਾਲ ਅਜੇ ਵੀ ਠੱਗੀਆਂ ਨੇ॥
ਦੇਸ਼ ਆਜ਼ਾਦ ਤੇ ਪੰਥ ਗੁਲਾਮ ਅੱਜ ਵੀ,
ਦਿੱਤਾ ਸਮੇਂ ਨੇ ਪਰਦਾ ਉਠਾ ਬੀਬਾ॥
ਸਾਨੂੰ ਆਨ ਪਿਆਰੀ ਹੈ ਜਾਨ ਨਾਲੋਂ,
ਨਾ ਰੌਹਬ ਤਲਵਾਰ ਦਾ ਪਾ ਬੀਬਾ॥
ਮੂੰਹ ਭੰਨੇ ਤਲਵਾਰਾਂ ਦੇ ਕਈ ਵਾਰੀ,
ਰਾਜਨੀਤੀਆਂ ਸਾਨੂੰ ਹੈ ਮਾਰ ਸੁੱਟਿਆ॥
ਬਾਜ਼ੀ ਜਿੱਤੀ ਹੈ ਜਿਹੜੀ ਮੈਦਾਨ ਅੰਦਰ,
ਬਹਿ ਕੇ ਟੇਬਲ ਤੇ ਉਸ ਨੂੰ ਹਾਰ ਸੁੱਟਿਆ॥
ਕੁਟਲ ਨੀਤੀਆਂ ਇਕੱਠਾ ਨਹੀਂ ਹੋਣ ਦਿੱਤਾ,
ਚੀਨਾ ਚੀਨਾ ਹੈ ਸਾਨੂੰ ਖਿਲਾਰ ਸੁੱਟਿਆ॥
ਕਲਗੀ ਵਾਲਿਆ ਤੇਰੇ ਉਪਦੇਸ਼ ਤਾਈਂ,
ਸਾਡੇ ਆਗੂਆਂ ਮੂਲੋਂ ਵਿਸਾਰ ਸੁੱਟਿਆ॥
ਸਾਡੇ ਦਿਲ ਵਿੱਚ ਲੱਖਾਂ "ਤੂਫਾਨ" ਦੱਬੇ,
ਭਾਂਬੜ ਦੇਈਂ ਨਾ ਕਿਤੇ ਮਚਾ ਬੀਬਾ॥
ਅਸੀਂ ਹਿੱਕ ਨਾਲ਼ ਗੱਡੀਆਂ ਰੋਕੀਆਂ ਨੇ,
ਨਾ ਰੌਹਬ ਤਲਵਾਰ ਦਾ ਪਾ ਬੀਬਾ॥