ਨਾ ਸ਼ੋਖ਼ੀ ਨਾ ਮਸਤੀ ਰਹਿ ਗਈ, ਨਾ ਉਹ ਗੀਤ ਪਿਆਰਾਂ ਦੇ,
ਕਿਹੜੇ ਪਾਸੇ ਟੁਰ ਗਏ ਰੱਬਾ, ਹਾਸੇ ਮੇਰਿਆਂ ਯਾਰਾਂ ਦੇ ।
ਤੇਰੀ ਇਕ ਬੰਦੂਕ ਦੇ ਕਰਤਵ ਹੋਰ ਕੀ ਦੱਸਾਂ ਲੋਕਾਂ ਨੂੰ,
ਟਾਵੇਂ ਟਾਵੇਂ ਕਰ ਛੱਡੇ ਨੇ ਪੰਛੀ ਇਹਨੇ ਡਾਰਾਂ ਦੇ ।
ਇੰਜ ਦਾ ਲੱਲ ਬਨਾ ਚਾ ਕੋਈ ਯਾਰ ਦਿਹਾੜੀ ਟੁੱਟੇ ਨਾ,
ਭੁੱਖਾਂ ਮਾਰਿਆਂ ਕੀ ਕਰਨੇ ਨੇ, ਤੋਹਫ਼ੇ ਤੇਰੀਆਂ ਕਾਰਾਂ ਦੇ ।
ਇਜ਼ਤਾਂ ਦਾ ਜੇ ਰਾਖਾ ਹੁੰਦਾ ਹਾਕਮ ਦੇਸ ਅਸਾਡੇ ਦਾ,
ਲੁਟੀਆਂ ਨਾ ਕਰਬਾਠ 'ਚ ਜਾਂਦੀਆਂ ਧੀਆਂ ਵਿਚ ਬਾਜ਼ਾਰਾਂ ਦੇ ।
ਮੇਰੇ ਨਾਲ ਯਾਰਾਨਾ ਲਾਉਣਾ ਈ ਤੇ ਐਨਾ ਸੋਚ ਲਵੀਂ,
ਮੇਰੇ ਕੋਲ ਖ਼ਿਜ਼ਾਵਾਂ ਨੇ ਤੇ ਤੈਨੂੰ ਸ਼ੌਕ ਬਹਾਰਾਂ ਦੇ ।
'ਸ਼ਾਕਿਰ' ਏਸ ਬਗ਼ੀਚੇ ਦੇ ਵਿਚ ਲਗਦੈ ਲਾਸ਼ਾਂ ਦੱਬੀਆਂ ਨੇ,
ਫੁੱਲਾਂ ਵਿਚੋਂ ਆਵਣ ਹੱਲੇ ਖ਼ੂਨ ਦੀਆਂ ਮਹਿਕਾਰਾਂ ਦੇ ।