ਨਾ ਵੀ ਹੋਵਣ ਤਾਂ ਵੀ ਸੋਹਣੇ ਲੱਗਦੇ ਨੇ
ਕੁਝ ਬੰਦਿਆਂ ਦੇ ਨਾਂ ਵੀ ਸੋਹਣੇ ਲੱਗਦੇ ਨੇ
ਦਿਲ ਵਿਚ ਹੋਵੇ ਆਸ ਕਿਸੇ ਦੇ ਆਵਣ ਦੀ
ਓਦੋਂ ਕਾਲ਼ੇ ਕਾਂ ਵੀ ਸੋਹਣੇ ਲੱਗਦੇ ਨੇ
ਰੱਬ ਦੀ ਕਸਮੇਂ ਰੁੱਖ ਸੱਜਣਾਂ ਦੇ ਵਿਹੜੇ ਦੇ
ਦੇਣ ਨਾ ਭਾਵੇਂ ਛਾਂ ਵੀ ਸੋਹਣੇ ਲੱਗਦੇ ਨੇ
ਦੂਜੇ ਕੰਢੇ ਪੱਟ ਚਰੀਂਦੇ ਹੋਵਣ ਤੇ
ਘੜਿਆਂ ਨਾਲ਼ ਝਨਾਂ ਵੀ ਸੋਹਣੇ ਲੱਗਦੇ ਨੇ
ਸੱਜਣਾਂ ਦੇ ਤਿਲ ਠੋਡੀ 'ਤੇ ਜਾਂ ਬੁੱਲ੍ਹੀਆਂ 'ਤੇ
ਹੋਵਣ ਜਿਹੜੀ ਥਾਂ ਵੀ ਸੋਹਣੇ ਲੱਗਦੇ ਨੇ
ਕੀ ਪੁੱਛਨਾ ਏਂ ਯਾਰਾ ਯਾਰ ਪਟੋਲੇ ਜਿਹੇ
ਫਿਰਦੇ ਹਰ ਇਕ ਦਾਂ ਵੀ ਸੋਹਣੇ ਲੱਗਦੇ ਨੇ
ਸੋਹਣੇ ਲੋਕਾਂ ਵਾਂਗੂੰ ਸੋਹਣੇ ਲੋਕਾਂ ਦੇ
‘ਸੰਧੂ’ ਸ਼ਹਿਰ ਗਰਾਂ ਵੀ ਸੋਹਣੇ ਲੱਗਦੇ ਨੇ