ਨਾ ਢਾਲ਼ੇ ਤੇ ਢਲ਼ਣੇ ਢੁਲ਼ਣੇ ਕੋਈ ਨਈਂ ਨੇ

ਨਾ ਢਾਲ਼ੇ ਤੇ ਢਲ਼ਣੇ ਢੁਲ਼ਣੇ ਕੋਈ ਨਈਂ ਨੇ 

ਦੁੱਖ ਦੇ ਸੂਰਜ ਟਲ਼ਣੇ ਟੁਲ਼ਣੇ ਕੋਈ ਨਈਂ ਨੇ

ਜਿੰਨਾ ਤੀਕਰ ਆਪਣਾ ਆਪ ਨਾ ਬਾਲ਼ਾਂਗੇ

ਸੱਚ ਦੇ ਦੀਵੇ ਬਲ਼ਣੇ ਬੁਲ਼ਣੇ ਕੋਈ ਨਈਂ ਨੇ

ਲੱਖ ਉਬਾਲ਼ੋ ਵੈਰ ਪੁਰਾਣੇ ਜ਼ਿਹਨਾ ਦੇ

ਬੁੱਢੇ ਹੱਡ ਨੇ ਗਲ਼ਣੇ ਗੁਲ਼ਣੇ ਕੋਈ ਨਈਂ ਨੇ

ਪਿਓ ਨੇ ਜੋ ਪਾਲ਼ੀ ਜਾਵਣ ਪੁੱਤਰਾਂ ਨੂੰ

ਪਿਓ ਪੁੱਤਰਾਂ ਤੋਂ ਪਲ਼ਣੇ ਪੁਲ਼ਣੇ ਕੋਈ ਨਈਂ ਨੇ

ਭੁੱਖ ਬੰਦਿਆਂ ਨੂੰ ਕੱਚਿਆਂ ਖਾ ਜਾਣਾ ਏ 

ਇਸ ਕੜਮੀ ਨੇ ਤਲ਼ਣੇ ਤੁਲ਼ਣੇ ਕੋਈ ਨਈਂ ਨੇ 

ਖੁੱਲ੍ਹੇ ਰਹਿਣਗੇ ਦਿਲ ਦੇ ਵਿਹੜੇ ਸੱਜਣਾਂ ਲਈ 

ਮੈਂ ਇਹ ਵਿਹੜੇ ਵਲ਼ਣੇ ਵੁਲ਼ਣੇ ਕੋਈ ਨਈਂ ਨੇ

‘ਸੰਧੂ’ ਜਾਂ ਤੇ ਵੇਲ਼ਾ ਹੱਥੋਂ ਨਿਕਲ਼ੇ ਨਾ 

ਜਾਂ ਮੈਂ ਹੱਥ ਹੱਥ ਮਲ਼ਣੇ ਮੁਲ਼ਣੇ ਕੋਈ ਨਈਂ ਨੇ

📝 ਸੋਧ ਲਈ ਭੇਜੋ