ਨਾ ਗ਼ਮ ਕਰ ਜੇ ਤਿਰੇ ਤਾਰੇ ਚੁਰਾ ਲੀਤੇ ਹਨੇਰੇ ਨੇ।
ਨਵੇਂ ਸੂਰਜ ਨੂੰ ਲੈ ਆਉਣਾ ਹੈ ਫਿਰ ਮੁੜਦੇ ਸਵੇਰੇ ਨੇ।
ਬਹਾਂਗੇ ਤੇਰਿਆਂ ਖ਼ੁਸ਼ਬੂ ਭਰੇ ਸਾਹਾਂ ਦੀ ਛਾਵੇਂ ਵੀ,
ਅਜੇ ਗਰਦਾਂ ਭਰੇ ਮਾਹੌਲ ਦੇ ਚਾਬਕ ਬਥੇਰੇ ਨੇ ।
ਕਿਸੇ ਨੂੰ ਮਿਲਣ ਤੋਂ ਪਹਿਲਾਂ ਤੂੰ ਇਸ ਗੱਲ ਦਾ ਬਚਾਅ ਰੱਖੀਂ,
ਅਜੇ ਫੁੱਲਾਂ ਦੇ ਹੱਥ ਛੋਟੇ ਤੇ ਖੰਜਰਾਂ ਦੇ ਲੰਮੇਰੇ ਨੇ।
ਜਦੋਂ ਨਾ ਗਲ ਕੋਈ ਲੱਗੇ ਤਾਂ ਬੱਸ ਦੀਵਾਰ ਗਲ ਲੱਗੇ,
ਸਫ਼ਰ ਦੁੱਖਾਂ ਦੇ ਵਿਚ ਤੂੰ ਹਾਦਿਸੇ ਕੈਸੇ ਬਖੇਰੇ ਨੇ।
ਨਹੀਂ ਸਾਗਰ ਅਤੇ ਅਸਮਾਨ ਦੇ ਹੀ ਦਰਮਿਆਂ ਚੱਲਦੇ,
ਬਦਨ ਵਿਚ ਆਪਣੇ ਵੀ ਸ਼ੂਕਦੇ ਤੂਫਾਂ ਬਥੇਰੇ ਨੇ।