ਨਾ ਪੀੜ ਦਾ ਅਹਿਸਾਸ ਵਿਸਰੇ, ਤਾਂ ਭਰੇ ਰੱਖਦਾਂ ।
ਮੈਂ ਕੁਝ ਕੁ ਜ਼ਖਮਾਂ ਨੂੰ ਹਮੇਸ਼ਾਂ ਹੀ ਹਰੇ ਰੱਖਦਾਂ ।
ਜੋ ਤੇਰੀਆਂ ਯਾਦਾਂ ਚੋਂ ਕੱਢਣ ਬਾਹਰ ਵੱਲ ਮੈਨੂੰ,
ਐਸੇ ਖਿਆਲਾਂ ਨੂੰ ਸਦਾ, ਖੁਦ ਤੋਂ ਪਰ੍ਹੇ ਰੱਖਦਾਂ ।
ਮੈਨੂੰ ਇਨ੍ਹਾਂ ਦਾ ਸੇਕ ਕਿਧਰੇ ਸਾੜ ਨਾ ਦੇਵੇ,
ਕੋਸੇ ਜਿਹੇ ਮੈਂ ਹੌਕਿਆਂ ਨੂੰ ਤਾਂ ਠਰੇ ਰੱਖਦਾਂ ।
ਉਂਗਲਾਂ ਤੇ ਗਿਣ ਕੇ ਦੱਸ ਸਕਦਾਂ, ਕੌਣ ਹਨ ਮੇਰੇ,
ਮੈਂ ਦੋਸਤੀ ਵਿੱਚ ਸਿਰਫ ਬੰਦੇ, ਜੋ ਖਰੇ, ਰੱਖਦਾਂ ।
ਮੈਨੂੰ ਕਦੇ ਵੀ ਹਾਰ ਆਪਣੀ ਭੁੱਲ ਨਾ ਜਾਵੇ,
ਬਿਰਤੀ ਚ ਜਿਉਂਦੇ, ਕੁਝ ਸੁਫ਼ਨੇ, ਜੋ ਮਰੇ, ਰੱਖਦਾਂ ।
ਤੇਰੇ ਚ ਕੁਝ ਤਾਂ ਵੱਖਰਾ, ਹੈ, ਜੱਗ ਦੇ ਨਾਲੋਂ
ਐਵੇਂ ਨਹੀਂ ਮੈ ਯਾਦ ਨੂੰ, ਸਾਂਭੀ ਘਰੇ ਰੱਖਦਾਂ ।