ਨਾ ਤਾਂ ਅਮੀਰ ਹਾਂ ਮੈਂ

ਨਾ ਤਾਂ ਅਮੀਰ ਹਾਂ ਮੈਂ, ਨਾ ਹਾਂ ਗਰੀਬ ਕੋਈ।

ਮੱਧ-ਵਰਗੀ ਆਦਮੀ ਹਾਂ, ਮੈਨੂੰ ਕਿਤੇ ਨਾ ਢੋਈ।

ਲੇਖਾ ਜਦੋਂ ਵੀ ਕੀਤਾ, ਮੈਂ ਆਪਣੀ ਜ਼ਿੰਦਗੀ ਦਾ,

ਦਿਲ ਵਾਰ ਵਾਰ ਹੱਸਿਆ, ਅੱਖ ਜ਼ਾਰ-ਜ਼ਾਰ ਰੋਈ।

ਕੁਛ ਬੁੱਲਿਆਂ ਦੇ ਹਮਲੇ, ਕੁਛ ਭੰਬਟਾਂ ਦੇ ਝਟਕੇ ,

ਸ਼ੱਮ੍ਹਾਂ ’ਤੇ ਕੀ ਕੀ ਬੀਤੀ ਇਹ ਜਾਣਦਾ ਨਾ ਕੋਈ।

ਆਪਣੀ ਸੁਣਾ ਤੂੰ ਮਿੱਤਰ, ਦੱਸ ਤੇਰਾ ਹਾਲ ਕੀ ਹੈ,

ਜੋ ਮੇਰੇ ਨਾਲ ਹੋਈ, ਸੋ ਮੇਰੇ ਨਾਲ ਹੋਈ।

ਮਸਨੂਈ ਰੰਗ-ਰਲੀਆਂ, ਮੁਰਝਾਏ ਫੁੱਲ ਕਲੀਆਂ,

ਵਖ਼ਤਾਂ ਦੇ ਮਾਰਿਆਂ ਨੂੰ, ਮਿਲਦੀ ਕਿਤੇ ਨਾ ਢੋਈ।

ਛੱਡਿਆ ਕਿਤੋਂ ਵੀ ਜੋਗਾ, ਨਾ ਮੈਨੂੰ ਤੰਗਦਸਤੀ,

ਸੁਣਿਆ ਸੀ ਤੇਰੇ ਦਰ ਤੋਂ, ਖ਼ਾਲੀ ਗਿਆ ਨਾ ਕੋਈ।

ਗੁੰਮ-ਸੁੰਮ ਜਿਹਾ ਹੈ ਰਹਿੰਦਾ, ਸੁਣਦਾ ਨਾ ਕੁਛ ਕਹਿੰਦਾ,

ਇਹ ਦਿਲ ਮੇਰਾ ਨਾ ਦੱਸੇ, ਕੀ ਚੀਜ਼ ਇਸ ਦੀ ਖੋਈ।

📝 ਸੋਧ ਲਈ ਭੇਜੋ