ਨਾਦ-ਹਵਾਵਾਂ ਆਈਆਂ ਮੇਰੇ ਕਮਰੇ ਵਿਚ ।
ਮਹਿਕਾਂ ਤੇ ਅੰਗੜਾਈਆਂ ਮੇਰੇ ਕਮਰੇ ਵਿਚ ।
ਸ਼ੋਅ-ਕੇਸਾਂ ਵਿਚ ਡੱਕੇ ਹੋਏ ਬਰਾਤੀ ਨੇ ,
ਗੂੰਜਦੀਆਂ ਸ਼ਹਿਨਾਈਆਂ ਮੇਰੇ ਕਮਰੇ ਵਿਚ ।
ਕਮਰੇ ਦੀ ਰੂਹ ਨਿਕਲ ਗਈ ਹੈ ਜਿਸ ਪਲ ਤੋਂ ,
ਆ ਵੜੀਆਂ ਤਨਹਾਈਆਂ ਮੇਰੇ ਕਮਰੇ ਵਿਚ ।
ਮੈਨੂੰ ਪੈਂਦੀ ਸ਼ੱਕ ਇਨਾਂ ਦੀ ਨੀਅਤ ਤੇ ,
ਹੋਈਆਂ ਬੱਦਲਵਾਈਆਂ ਮੇਰੇ ਕਮਰੇ ਵਿਚ ।
ਅਲਮਾਰੀ ਵਿਚ ਕੈਦ ਕਿਤਾਬਾਂ ਅਣ-ਪੜ੍ਹੀਆਂ ,
ਝਾਕਦੀਆਂ ਲਲਚਾਈਆਂ ਮੇਰੇ ਕਮਰੇ ਵਿਚ ।
ਮੌਸਮ ਦੇ ਆਸਾਰ ਮਚਲਦੇ ਜਾਂਦੇ ਨੇ ,
ਖੁੰਭਾਂ ਨੇ ਉੱਗ ਆਈਆਂ ਮੇਰੇ ਕਮਰੇ ਵਿਚ ।
ਰੌਸ਼ਨਦਾਨ 'ਚ ਰਹਿੰਦਾ ਜੋੜਾ ਘੁੱਗੀਆਂ ਦਾ ,
ਅਮਨ ਦੀਆਂ ਸ਼ਹਿਨਾਈਆਂ ਮੇਰੇ ਕਮਰੇ ਵਿਚ ।
ਗ਼ਮਲੇ ਅੰਦਰ ਗੁੰਮ-ਸੁੰਮ-ਗੁੰਮ-ਸੁੰਮ ਕੁਛ ਥੋਹਰਾਂ ,
ਮੁੱਦਤਾਂ ਤੋਂ ਤਿਰਹਾਈਆਂ ਮੇਰੇ ਕਮਰੇ ਵਿਚ ।
ਰਾਤੀਂ ਕਿਹੜੀ ਧੁੱਪ ਲਿਸ਼ਕੀ ਸੀ 'ਇਕਵਿੰਦਰ' ?
ਛਾਵਾਂ ਪੁੱਛਣ ਆਈਆਂ ਮੇਰੇ ਕਮਰੇ ਵਿਚ ।