ਮੈਂ ਪ੍ਰੇਸ਼ਾਨ ਹਾਂ  

ਆਪਣੇ ਵਿੱਚ ਆਓਣ ਵਾਲੀਆਂ

ਆਤਮਾਵਾਂ ਤੋਂ  

ਇਕ ਰਾਤ  

ਬੁੱਧ ਆਉਂਦਾ ਹੈ  

ਨਿਰਵਾਣ ਪ੍ਰਾਪਤੀ ਲਈ ਉਕਸਾਉਂਦਾ ਹੈ 

ਕਹਿੰਦਾ ਹੈ ਉੱਠ  

ਛੱਡ ਘਰ ਬਾਰ  

ਸਾਰਾ ਸੰਸਾਰ  

ਚੱਲ  

ਬੋਧੀ ਬਿਰਖ 

ਤੈਨੂੰ ਉਡੀਕਦਾ ਹੈ 

ਇਕ ਰਾਤ  

ਬਾਬਾ ਨਾਨਕ ਆਉਂਦਾ ਹੈ  

ਕਹਿੰਦਾ ਹੈ ਕਿਰਤ ਕਰ  

ਵੰਡ ਛਕ  

ਨਾਮ ਜਪ

ਮੰਗ ਸਰਬੱਤ ਦਾ ਭਲਾ  

ਇਕ ਰਾਤ  

ਕਬੀਰ ਆਉਂਦਾ ਹੈ  

ਸਮਝਾਉਂਦਾ ਹੈ  

ਇੱਥੇ ਚਲਦੀ ਨੂੰ ਗੱਡੀ ਕਹਿੰਦੇ ਨੇ  

ਕੁਰੱਖਤ ਜ਼ੁਬਾਨ ਕਰ  

ਸੱਚ ਨੂੰ ਸੱਚ ਕਹਿ

ਕੀ ਕਰਾਂ  

ਸਮਝ ਨਹੀਂ ਆਉਂਦੀ  

ਉਸ ਰਾਤ  

ਜਦੋਂ ਬਹੁਤ ਪਰੇਸ਼ਾਨ ਹੋ ਜਾਵਾਂ  

ਸ਼ੇਕਸਪੀਅਰ ਆਉਂਦਾ ਹੈ  

ਦੁਨੀਆਂ ਇੱਕ ਨਾਟਕ ਹੈ  

ਅਸੀਂ ਸਾਰੇ ਪਾਤਰ  

ਸਮਝਾਉਂਦਾ ਹੈ

📝 ਸੋਧ ਲਈ ਭੇਜੋ