ਕਿਉਂ ਨਾ ਹੁਣ ਆਪਾਂ ਵੀ
ਇਸ ਨਾਤੇ ਦਾ ਕੋਈ
ਜੱਗ ਦੇ ਮਿਥੇ ਮਿਆਰ ਮੁਤਾਬਕ
ਨਾ ਰੱਖ ਲਈਏ
ਜੋ ਸਭਨਾਂ ਦੀ ਸਮਝ 'ਚ ਆਵੇ
ਐਰੇ ਗ਼ੈਰੇ ਦੇ ਮਨ ਭਾਵੇ।
ਮੈਂ ਮੰਨਦਾ ਹਾਂ
ਵਾਕਫ਼ੀਅਤ ਹਮਦਰਦੀ ਪਿਆਰ ਦੋਸਤੀ ਰਿਸ਼ਤੇਦਾਰੀ
ਹੰਢੇ ਵਰਤੇ ਘਸੇ ਪੁਰਾਣੇ ਅੱਖ਼ਰ ਸਾਰੇ
ਸਾਡੇ ਇਸ ਨਾਤੇ ਦੇ
ਮੇਚ ਨਹੀਂ ਆ ਸਕਦੇ
ਇਹਨਾਂ ਅੱਖ਼ਰਾਂ ਨਾਲ ਜੁੜੇ ਨੇ
ਸੱਚੇ ਝੂਠੇ ਭਾਂਤ ਸੁਭਾਂਤੇ ਕਿੱਸੇ
ਜਿਹਨਾਂ ਵਰਗੀ ਸਾਡੇ ਵਿਚ ਤਾਂ ਗਲ ਨਾ ਦਿੱਸੇ।
ਪਰ ਕੀ ਕਰੀਏ
ਇਸ ਨਾਤੇ ਦੇ ਨਾਮਕਰਣ ਬਿਨ
ਇਕ ਦੂਜੇ ਘਰ ਆਉਣਾ ਜਾਣਾ
ਮਿਲਣਾ ਗਿਲਣਾ
ਕਦੀ ਕਦਾਈਂ ਚਿੱਠੀ ਲਿਖਣਾ
ਕਿਸੇ ਬਾਗ਼ ਜਾਂ ਰੈਸਤੋਰਾਂ ਵਿਚ ਬਹਿ ਕੇ
ਨਿੱਕੀਆਂ ਨਿੱਕੀਆਂ ਗੱਲਾਂ ਕਰਨਾ ਮੁਸ਼ਕਲ ਬਣਿਆ
ਹਰ ਪਾਸੇ ਹੈ
ਸ਼ੱਕੀ ਨਜ਼ਰਾਂ
ਤਨਜ਼ੀ ਮੁਸਕਾਣਾਂ ਦਾ ਤਾਣਾ ਤਣਿਆ।
ਜੇ ਆਪਾਂ ਏਦਾਂ ਹੀ ਰਹਿਣਾ
ਨਾਤੇ ਨੂੰ ਵੀ ਨਾਮਕਰਣ ਦਾ ਫ਼ਰਕ ਨਾ ਪੈਣਾ
ਵਾਕਫ਼ੀਅਤ ਹਮਦਰਦੀ ਪਿਆਰ ਦੋਸਤੀ ਰਿਸ਼ਤੇਦਾਰੀ
ਕੁਝ ਵੀ ਕਹੀਏ
ਜੱਗ ਵਖਾਵੇ ਖ਼ਾਤਰ
ਆ ਆਪਾਂ ਵੀ
ਇਹਨਾਂ ਵਰਗਾ
ਜਾਂ ਇਹਨਾਂ 'ਚੋਂ ਕੋਈ
ਇਸ ਨਾਤੇ ਦਾ ਨਾਂ ਰੱਖ ਲਈਏ।