ਨਭ ਪਤਾਲ ਚੀਰ ਅਸਗਾਹਾਂ
ਭਰਿਆ ਵਿਚ ਮਿਰੇ ਕੁਝ ਸਾਹਾਂ।
ਭੈਅ ਵਿਚ ਨਾਗ ਸ਼ੀਂਹ ਜਲ-ਵਾਸੀ
ਸੱਦ ਦਿੱਤੀ ਬਿਰਖਾਂ ਬਨਬਾਸੀ।
ਨਹੀਂ ਟਾਵੇਂ ਟਾਵੇਂ ਵਣਾਂ ਨੂੰ ਭੁੱਲੇ
ਕਦੇ ਕਦੇ ਤੂਫ਼ਾਨ ਜੋ ਝੁੱਲੇ ।
ਹਾਰ ਤੋੜ, ਸੁੱਟ ਗਈਆਂ ਹੀਰਾਂ
ਮੋਤੀ ਚੁਕ ਚੁਕ ਰੋਣ ਸਮੀਰਾਂ।
ਧੂੜ ਵਿਚ ਕਿਤੇ ਕਰਵਾਨੀ
ਲੱਭ ਰਹੇ ਹੋਤ ਦੀ ਗਾਨੀ।
ਮੋਰ ਕੂਕਦੇ ਚਾਨਣੀ ਅੰਦਰ,
ਬ੍ਰਿਛ ਦੀ ਚੁੱਪ 'ਚ ਘੁੰਮਨ ਅੰਬਰ।
ਅੱਖਰ ਛੁਪੇ ਹੋਏ ਨੂਰਾਨੀ
ਟੋਲ ਰਹੇ ਵਕਤ ਦਾ ਸਾਨੀ।
ਝੱਖੜਾਂ ਵਿਚ ਜੁਗਾਂ ਤਕ ਭੁੱਲਦੇ
ਜੁਗਨੂੰ ਮਿਲੇ ਥਲਾਂ ਵਿਚ ਰੁਲਦੇ।
ਨੀਂਦੋਂ ਨਾਜ਼ਕ ਸਿਕਦੀਆਂ ਬਾਹਾਂ
ਫਿਰਨ ਕਦੇ ਨ ਦੇਂਦੀਆਂ ਛਾਵਾਂ।
ਪੈਰਾਂ ਹੇਠ ਪਿਆ ਕੁਝ ਹੁੱਲੇ
ਕੋ ਅਸਗਾਹ ਜਾਗ ਪਏ ਭੁੱਲੇ।
ਉਸ ਧਰਤੀ ਦਾ ਪੱਤਾ ਪੱਤਾ
ਡੁੱਬ ਗਿਆ ਵਿਸਮਾਦ 'ਚ ਮੱਤਾ।
ਪੈਣ ਮਿਰੇ ਪੈਰਾਂ ਨੂੰ ਖੋਹਾਂ,
ਗਗਨ ਪਤਾਲ ਕਰਨ ਪਏ ਲੋਆਂ।
ਮੈਨੂੰ ਵੇਖ ਰਹੇ ਰਾਹ ਸਾਰੇ,
ਧੂਹ ਪਾਉਣ ਅਸਵਾਰ ਪਿਆਰੇ।
ਮੈਂ ਦਰਿਆ ਕਦਮ ਨ ਰੋਕਾਂ,
ਔਹ ਦਿਸਣ ਮਾਵਾਂ ਦੀਆਂ ਢੋਕਾਂ।
ਨਹਿਰੋਂ ਪਾਰ ਤੂਫ਼ਾਨ 'ਚ ਰੁੱਲੇ
ਭਖਣ ਪਏ ਢੋਕਾਂ ਦੇ ਚੁੱਲ੍ਹੇ।
ਔਹ ਮੈਂ ਵੇਖਾਂ ਚਾਨਣ ਜਿਹੜੇ
ਬਲੇ ਬਲੇ ਮੇਰੇ ਹੀ ਵਿਹੜੇ ।
ਪਰੇ ਧੁੰਧ ਵਿਚ ਅਗਨੀ ਡੋਲੇ
ਘੁੰਡ 'ਚ ਨੈਣ ਹੀਰ ਦੇ ਬੋਲੇ।
ਸੋਅ ਪਵੇ ਕੂੰਜਾਂ ਦੀ ਕੰਨੀਂ
ਸਿਰ 'ਤੇ ਚਾ ਮਟਕੀ ਜਿਉਂ ਧੰਮੀ
ਝੁੰਮਰ ਦੀ ਬਿਜਲੀ ਵਿਚ ਬੰਨ੍ਹੀ
ਸੁੱਕੇ ਬਾਗ਼ ਵੇਖਦੀ ਸੰਮੀ।