ਨਦੀ ਕੰਢੇ

ਜਦੋਂ ਮੈਂ ਪਿਆਸ ਦੀ ਮਾਰੂ-ਥਲੀ ਅੰਗਾਂ 'ਚ ਲੈ ਕੇ

ਹੀ ਪਹੁੰਚਾ, ਇਸ ਨਦੀ ਕੰਢੇ 

ਅਚਨਚੇਤੇ

ਤਾਂ ਮੇਰੀ ਪਿਆਸ ਦਾ-

ਛਿਣ ਛਿਣ ਬਦਨ ਥੱਰਰਾ ਗਿਆ

ਕਿਸੇ ਬਾਲਕ ਨੇ ਜਿਉਂ -

ਕੋਰੇ ਕੁਆਰੇ ਕਾਗ਼ਜ਼ਾਂ ਤੇ

ਪਹਿਲ ਵਾਰੀ ਲੀਕ ਦਿਤੇ ਵਾਵਰੋਲੇ

ਤੇ, ਮੈਨੂੰ ਜਾਪਿਆ

ਸਗਲ ਸੰਸਾਰ ਮੇਰੀ ਪਿਆਸ ਤੇ ਕਿਰਪਾਲ ਹੋਇਆ ਹੈ

ਤਰੰਗਿਤ ਅੰਗ

ਲਚਕੀਲੇ ਜਿਹੇ ਸੰਕੇਤ

ਨਛੋਹ ਆਵਾਜ਼ ਗੋਰੀ ਚੁਪ ਦੀ

ਵੇ ਪਹਿਲੀ ਪਿਆਸ ਵਾਲੇ ਸੋਹਣਿਆਂ 

ਡੀਕ ਲੈ ਮੈਨੂੰ

ਮੇਰਾ ਜਲ ਨਿਰਮਲਾ ਹੈ

ਮੈਂ ਪਿਆਸੀ ਅੰਜੁਲੀ ਪਾਣੀ 'ਚ ਲਕ ਲਕ ਡੋਬ ਦਿਤੀ 

ਮੈਨੂੰ ਪਾਣੀ ਦੀ ਪਹਿਲੀ ਪਰਤ 'ਚੋਂ

ਪੱਥਰ ਹੀ ਇਕ ਮਿਲਿਆ

ਤਿਕੋਣਾ, ਬੇਵਜ਼ਨ, ਖ਼ਾਮੋਸ਼, ਨੰਗੇ ਅਰਥ ਵਰਗਾ 

ਮੇਰੇ ਕੁਝ ਕਹਿਣ ਤੋਂ ਪਹਿਲਾਂ 

ਨਦੀ ਵਿਚਕਾਰ 

ਲਹਿਰ-ਵਲ੍ਹੇਟਦੀ ਮਛਲੀ ਕੋਈ ਚਮਕੀ 

ਤੇ ਫਿਰ ਗੁੰਮ ਹੋ ਗਈ

ਜਿਵੇਂ ਪਾਣੀ ਦੀ ਪਹਿਲੀ ਪਰਤ 

ਅਪਣੇ ਨੰਗ ਤੇ ਸ਼ਰਮਾ ਗਈ

ਸੰਗਾਈ ਗੱਲ੍ਹ ਜਿਹਾ ਪਾਣੀ

ਪਹਿਲ ਪੋਸ਼ੀ ਜਿਹਾ ਸੰਕੇਤ

ਨਵੀਂ ਘਸਮਲ ਵਰਗੀ ਚੁਪ ਦੀ ਆਵਾਜ਼ :

ਤੇਰੇ ਹੱਥ ਵਿਚ ਤਿਕੋਣਾ ਨੰਗ ਜੋ ਹੈ

ਇਹ ਉਸ ਕਾਮੀ ਦਾ ਹੈ

ਜਿਸ ਦੀ ਚੁਲੀ ਵਿਚ ਉਂਗਲਾਂ ਤੋਂ ਵਿਰਲ ਬਹੁਤੇ ਸਨ

ਜਿਹਦੇ ਬੁਲ੍ਹਾਂ ਦੇ ਅਧਰਾਹੋਂ ਮੈਂ ਮੁੜ ਆਉਂਦੀ ਰਹੀ 

ਤਿਕੋਣਾ ਨੰਗ ਉਸ ਦਾ ਕਰੋਧ ਹੈ

ਮੇਰਾ ਨਹੀਂ ਹੈ

ਵੇ ਪਹਿਲੀ ਪਿਆਸ ਵਾਲੇ ਸੋਹਣਿਆਂ 

ਡੀਕ ਲੈ ਮੈਨੂੰ

ਮੇਰਾ ਜਲ ਨਿਰਮਲਾ ਹੈ

ਮੈਂ ਆਪਣੀ ਅੰਜੁਲੀ 

ਪਾਣੀ 'ਚ ਗਲ ਗਲ ਡੋਬ ਦਿਤੀ 

ਮੈਨੂੰ ਪਾਣੀ ਦੀ ਦੂਜੀ ਪਰਤ 'ਚੋਂ 

ਪਰਛਾਵਿਆਂ ਆਕਾਰ ਮਿਲਿਆ 

ਜਵਾਨੀ ਵਿਚ ਮਰੇ ਦੇ ਪ੍ਰੇਤ ਵਰਗਾ

ਮੇਰੇ ਹੱਥ ਵਿਚ ਕਿਸੇ ਬਿਰਥਾ ਜਨਮ ਦੀ ਹੁਮਕ ਸੀ 

ਮੇਰੇ ਕੁਝ ਕਹਿਣ ਤੋਂ ਪਹਿਲਾਂ

ਨਦੀ ਵਿਚਕਾਰ

ਲਹਿਰ-ਹੰਗਾਲਦੀ ਤੜਪੀ ਮਗਰ-ਮੱਛੀ 

ਜਿਵੇਂ ਪਾਣੀ ਦੀ ਦੂਜੀ ਪਰਤ

ਤਾਰੋ ਤਾਰ ਨੰਗੀ ਹੋ ਵਲਿਸਦੀ ਜਾ ਰਹੀ ਸੀ 

ਅਸੁਰ-ਮੱਥਿਆ ਜਿਹਾ ਪਾਣੀ 

ਕਿਸ ਰਾਹੂ ਜਿਹਾ ਸੰਕੇਤ

ਬਿਨਾਂ ਅਧਿਕਾਰ ਅੰਮ੍ਰਿਤ ਪੀਣ ਦਾ ਸੰਘਰਸ਼ 

ਤੇ ਪਰਛਾਵੇਂ ਜਹੇ ਸੁਰ ਵਿਚ ਤਿੜਕਦੇ ਬੋਲ 

ਜੋ ਤੇਰੀ ਅੰਜੁਲੀ ਵਿਚ ਪ੍ਰੇਤ ਹੈ

ਉਹ ਅਪਣੇ ਜਨਮ ਤੋਂ ਹੀ ਪ੍ਰੇਤ ਸੀ

ਮੇਰੀ ਦੇਹੀ 'ਚ ਇਸ ਨੇ ਮੌਨ ਵਾਂਗੂੰ ਵਿਚਰਨਾ ਚਾਹਿਆ 

ਇਹਨੂੰ ਹਰ ਬੋਲ ਬਦਨਾਮੀ ਜਿਹਾ

ਭੈ-ਭੀਤ ਕਰਦਾ ਸੀ

ਮੈਨੂੰ ਇਸ ਦੇ ਜਿਸਮ 'ਚੋਂ

ਇਕ ਮ੍ਰਿਤਕ ਦੀ ਬਾਸ ਆਉਂਦੀ ਸੀ 

ਇਹਦੀ ਖ਼ਾਤਰ ਚੁਲੀ ਨਾ ਬਣ ਸਕੀ 

ਇਹਨੂੰ ਤਨ ਅਰਪਣਾ-

ਤਰਪਣ ਜਿਵੇਂ ਮਿਰਤਕ ਜਠੇਰੇ ਦਾ

ਇਹ ਮੇਰੀ ਲਹਿਰ ਦੇ ਗਲ ਝੂਲ ਕੇ ਚੁਪ ਹੋ ਗਿਆ 

ਕਈ ਵਾਰੀ ਮ੍ਰਿਤਕ ਵੀ-

ਖ਼ੁਦਕਸ਼ੀ ਦਾ ਦੰਭ ਕਰਦੇ ਨੇ

ਮੇਰੀ ਦੂਜੀ ਪਰਤ ਵਿਚ ਜੋ ਹੁਮਕ ਹੈ 

ਮ੍ਰਿਤਕ ਦੀ ਬਾਸ ਹੈ 

ਮੇਰੀ ਨਹੀਂ ਹੈ

ਮੇਰੇ ਜਲ ਵਿਚ ਇਹਦੀ ਛਾਂ ਘੁਲ ਗਈ ਹੈ 

ਅਕੀਤੇ ਕੰਮ ਦੇ ਪਸ਼ਚਾਤਾਪ ਵਰਗੀ

ਵੇ ਪਹਿਲੀ ਪਿਆਸ ਵਾਲੇ ਸੋਹਣਿਆਂ

ਡੀਕ ਲੈ ਮੈਨੂੰ

ਮੇਰਾ ਜਲ ਨਿਰਮਲਾ ਹੈ

ਮੈਂ ਆਪਣੀ ਅੰਜੁਲੀ

ਪਾਣੀ 'ਚ ਨੱਕ ਨਕ ਡੋਬ ਦਿੱਤੀ 

ਮੈਨੂੰ ਪਾਣੀ ਦੀ ਤੀਜੀ ਪਰਤ 'ਚੋਂ— 

ਮਿੱਟੀ ਮਿਲੀ ਗੋਰੀ 

ਕਿਸੇ ਚੰਦਨ ਬਦਨ ਦੇ— 

ਪਹਿਲੜੇ ਸ਼ਿੰਗਾਰ ਦੇ ਵਟਣੇ ਜਹੀ 

ਮੈਨੂੰ ਲੱਗਾ :

ਕਿਸੇ ਨੰਗੇ ਬਦਨ ਤੋਂ ਲਾਜ ਕੱਚੀ ਪੂੰਝ ਦਿੱਤੀ ਮੈਂ 

ਨਦੀ ਦਾ ਜਲ ਤੇ ਮੇਰੀ ਪਿਆਸ

ਦੋਵੇਂ ਇਕ ਦੂਸਰੇ ਦੇ ਸਾਹਮਣੇ

ਮੁਲਜ਼ਿਮ ਜਹੇ ਲੱਜਿਤ

ਮੇਰਾ ਕੁਲ ਤਨ ਬਦਨ ਇਕ ਪ੍ਰਸ਼ਨ ਅਪਰਾਧੀ 

ਜੋ ਡਰਦਾ ਹੈ ਕਿਤੇ ਉੱਤਰ ਕੋਈ ਕੂਕ ਉੱਠੇ :

ਮੈਂ ਇਸ ਸੁਨਸਾਨ ਪਾਣੀ ਦੇ ਕਿਨਾਰੇ

ਗਿਆ ਸਾਂ ਇਕ ਭਰੋਸੇ

ਕਿ ਨੰਗੇ ਜਲ ‘ਚ ਨੰਗੀ ਪਿਆਸ ਦਾ 

ਅਸ਼ਨਾਨ ਹੋਵੇਗਾ

ਤਾਂ ਕੋਈ ਈਰਖਾ ਮਿਥਿਆਮੁਖੀ ਇਸ ਨੂੰ ਵੇਖੇਗੀ

ਮੈਂ ਕਿਸ ਪਾਸੋਂ ਲਿਆ ਅਧਿਕਾਰ

ਇਸ ਪਾਣੀ 'ਚ ਸੁੱਤੇ ਨੰਗ ਜਗਾਵਣ ਦਾ 

?

ਨਦੀ ਦੇ ਬੁਲ੍ਹ 'ਤੇ ਪਪੜੀ-ਜਹੀ ਇਕ ਚੁਰਮੁਰਾਈ

ਉਹਦੀ ਆਵਾਜ਼ ਪੀਲੀ ਭੂਕ ਸੀ

ਉਸ ਨੇ ਕਿਹਾ :

ਤੇਰੇ ਹੱਥ ਵਿਚ ਜੋ ਗੋਰੀ ਵਿਲਕਣੀ

ਛਿਛੜੇ-ਜਹੀ ਖੁਰਚਨ 

ਕਿਸੇ ਦਾ ਕੁਆਰ ਹੈ 

ਮੇਰਾ ਨਹੀਂ ਹੈ

ਹਨੇਰੀ ਰਾਤ ਮੇਰੀ ਨੀਂਦ ਵਿਚ

ਇਕ ਅਣਪਛਾਤੀ ਵਸਤ ਨੇ ਪਰਵੇਸ਼ ਕੀਤਾ ਸੀ

ਜਿਹਦੇ ਵਿੱਚੋਂ ਮੈਨੂੰ ਕੋਰੇ ਜਿਸਮ ਦੀ ਬਾਸ ਆਈ ਸੀ 

ਪਹਿਲ ਵਾਰੀ ਕਿਸੇ ਦਾ ਜਿਸਮ 

ਮੇਰੀ ਨੀਂਦ ਵਿਚ ਗੰਧਲਾ ਗਿਆ 

ਪਹਿਲ ਵਾਰੀ ਕਿਸੇ ਦਾ ਕੁਆਰ 

ਕਿਸੇ ਦੀ ਦੇਹ ਦੁਆਲੇ ਲਕਸ਼ਮਣ ਰੇਖਾ 

ਮੈਂ ਅਣਚਾਹੀ ਲਹਿਰ ਸੰਗ ਪੂੰਝ ਦਿੱਤੀ 

ਹਨੇਰੀ ਰਾਤ ਦੀ ਉਹ ਅਣਪਛਾਤੀ ਵਸਤ 

ਕੰਡਿਆਰੀ ਜਹੀ ਪਾਣੀ 'ਚੋਂ ਅਧ-ਨਿਕਲੀ 

ਮੇਰੇ ਪਾਣੀ 'ਚ ਪਿਛੇ ਰਹਿ ਗਈ 

ਮਿੱਟੀ ਉਹਦੀ

ਝਰੀਟੀ, ਨਹੁੰਦਰੀ, ਖੁਰਚੀ ਜਹੀ 

ਭਰੀ ਦੁਨੀਆਂ 'ਚ

ਜਿਸ ਕਿਸ ਥਾਂ ਵੀ ਕੋਈ ਜਿਸਮ ਹੈ 

ਹਜ਼ਾਰਾਂ ਕੱਜਣਾਂ ਵਿਚ ਜੋ ਅਕੱਜਾ ਹੈ 

ਉਸ ਨੂੰ ਆਖੀਂ

ਤੇਰਾ ਕੱਜਣ, 

ਕੁਆਰੀ ਸੰਗ

ਤੇਰੀ ਲਕਸ਼ਮਣ ਰੇਖਾ

ਮੇਰੀ ਤੀਜੀ ਪਰਤ ਦਾ ਸ੍ਰਾਪ ਹੈ 

ਕੇ ਇਹਨੂੰ ਲੈ ਜਾ

ਮੇਰੇ ਤਨ ਵਿਚ—

ਪਰਾਏ ਸੁਟ ਗਏ ਇਤਿਹਾਸ ਅਪਣੇ

ਮੇਰੀ ਹਰ ਇਕ ਪਰਤ ਵਿਚ

ਕੁਝ ਕੁਝ ਐਸਾ ਮਿਲੇਗਾ

ਜੋ ਮੇਰੀ ਰਚਨਾ ਨਹੀਂ ਹੈ 

ਜੋ ਮੇਰੇ ਵਿਚ ਬੰਦ ਹੈ 

ਜੋ ਮੇਰਾ ਅਪਣਾ ਨਹੀਂ ਹੈ

ਵੇ ਪਹਿਲੀ ਪਿਆਸ ਵਾਲੇ ਸੋਹਣਿਆਂ 

ਡੀਕ ਲੈ ਜਿਸ ਕਿਸ ਜਗ੍ਹਾ 

ਮੇਰਾ ਜਲ ਨਿਰਮਲਾ ਹੈ

ਮੈਂ ਆਪਣੀ ਪਿਆਸ ਦੀ ਮਾਰੂਥਲੀ ਅੰਗਾਂ 'ਚ ਲੈ ਕੇ 

ਚੁਰਾਸੀ ਤੋਂ ਖੜਾ ਹਾਂ ਇਸ ਨਦੀ ਕੰਢੇ

ਸਦਾ ਚਾਹਿਆ—

ਕਿ ਨਿਰਮਲ ਪਿਆਸ ਹੀ

ਨਿਰਮਲ ਨਦੀ ਦਾ ਨੀਰ ਪੀਵੇ

ਦਿਨੋਂ ਦਿਨ ਪਿਆਸ ਵਿਚ ਇਤਿਹਾਸ ਜੁੜਦੇ ਜਾ ਰਹੇ ਨੇ

ਜੋ ਮੇਰੇ ਅਣਬੁਲਾਏ ਨੇ

ਜੋ ਮੇਰੇ ਅਣਕਮਾਏ ਨੇ

ਮੇਰੀ ਤੇਹ ਡਬਖੜੱਬੀ

ਮੈਂ ਆਪਣੀ ਪਿਆਸ ਦੀ ਕਿਹੜੀ ਪਰਤ ਡੋਬਾਂ 

ਨਦੀ ਵਿਚ ਕਿਸ ਜਗ੍ਹਾ ?

📝 ਸੋਧ ਲਈ ਭੇਜੋ