ਨਦੀ ਤਾਂ ਵੇਖਦੇ ਸਾਰੇ

ਨਦੀ ਤਾਂ ਵੇਖਦੇ ਸਾਰੇ, ਕਿਨਾਰੇ ਕੌਣ ਵੇਂਹਦਾ ਹੈ।

ਤੇ ਇਥੇ ਕੌਣ ਕਿਸ ਦੇ ਹੈ ਸਹਾਰੇ, ਕੌਣ ਵੇਂਹਦਾ ਹੈ।

ਤੁਸੀਂ ਵੀ ਰਾਤ ਭਰ ਚਮਕੇ ਬਥੇਰਾ ਤਾਰਿਆਂ ਵਾਂਗੂੰ

ਜੇ ਚੜ੍ਹਿਆ ਚੰਨ ਹੋਵੇ ਤਾਂ ਸਿਤਾਰੇ ਕੌਣ ਵੇਂਹਦਾ ਹੈ।

ਅਸੀਂ ਤਾਂ ਨਿੱਤ ਨਵੀਆਂ ਪਤਝੜਾਂ ਦੇ ਨਾਲ ਘੁਲਦੇ ਹਾਂ

ਬਹਾਰਾਂ ਕੋਲ ਬੈਠਾ ਇਹ ਨਜ਼ਾਰੇ ਕੌਣ ਵੇਂਹਦਾ ਹੈ।

ਕਿਸੇ ਦੇ ਹਉਕਿਆਂ ਦੇ ਨਾਲ ਨਾ ਪੱਥਰ ਕੋਈ ਪਿਘਲੇ

ਕਿਸੇ ਦੇ ਅੱਥਰੂ ਹੌਲੇ ਜਾਂ ਭਾਰੇ ਕੌਣ ਵੇਂਹਦਾ ਹੈ।

ਭਰੀ ਅੱਖਾਂ 'ਚ ਸਾਡੇ ਰੇਤ ਹੈ ਦੌਲਤ ਜਾਂ ਸ਼ੁਹਰਤ ਦੀ

ਮਨਾਂ ਵਿਚ ਸਿਸਕਦੇ ਜੋ ਚਾਅ ਕੁਆਰੇ ਕੌਣ ਵੇਂਹਦਾ ਹੈ।

📝 ਸੋਧ ਲਈ ਭੇਜੋ