ਨਦੀਆਂ ਵਾਹੁ ਵਿਛੁੰਨੀਆਂ

ਨਦੀਆਂ ਵਾਹੁ ਵਿਛੁੰਨੀਆਂ

ਸੰਜੋਗੀ ਮੇਲਾ ਰਾਮ

ਅਸੀਂ ਕੋਟ ਜਨਮ ਦੇ ਵਿਛੁੜੇ

ਹੁਣ ਮਿਲਣ ਦੁਹੇਲਾ ਰਾਮ

ਯਾਦ ਹੈ ਪ੍ਰਭ ਜੀ,

ਹੁਣ ਤਕ ਸਾਨੂੰ

ਉਸ ਹੰਝ ਦੀ ਖ਼ੁਸ਼ਬੋਈ

ਜੋ ਸਾਡੇ ਹੋਠਾਂ ਦੇ ਦਰ ਲੰਘੀ

ਉਮਰ ਸੁਹਾਗਣ ਹੋਈ

ਯਾਦ ਹੈ ਹਿਜਰ ਅਸਾਡੇ ਦਾ

ਸਾਨੂੰ ਅੰਮ੍ਰਿਤ ਵੇਲਾ ਰਾਮ

ਨਦੀਆਂ ਵਾਹੁ ਵਿਛੁੰਨੀਆਂ

ਸੰਜੋਗੀ ਮੇਲਾ ਰਾਮ

ਯਾਦ ਹੈ ਪ੍ਰਭ ਜੀ,

ਕੀਕਣ ਸਾਡੇ

ਰੂਪ ਦੀ ਔਧ ਵਿਹਾਈ

ਸਰਵਰ ਨ੍ਹਾਤੀ ਕਿਰਨ ਕੁਆਰੀ

ਬਾਬਲ ਘਰ ਕੁਮਲਾਈ

ਯਾਦ ਹੈ ਕੀਕਣ ਬਿਨਸ ਗਿਆ

ਰੰਗ ਨਵਾਂ-ਨਵੇਲਾ ਰਾਮ

ਨਦੀਆਂ ਵਾਹੁ ਵਿਛੁੰਨੀਆਂ

ਸੰਜੋਗੀ ਮੇਲਾ ਰਾਮ

ਹੁਣ ਤਾਂ ਪ੍ਰਭ ਜੀ

ਪ੍ਰਭ ਹੀ ਜਾਣੇ

ਕਿੱਤ ਬਿੱਧ ਮੇਲ ਮਿਲਾਵੇ

ਹੁਣ ਤਾਂ ਸਾਡੇ ਸਾਹ ਨੂੰ ਸਾਡੀ

ਦੇਹ ਤੋਂ ਲੱਜਿਆ ਆਵੇ

ਹੁਣ ਤਾਂ ਸੂਰਜ ਅਸਤਿਆ

ਹੋ ਗਿਆ ਕੁਵੇਲਾ ਰਾਮ

ਨਦੀਆਂ ਵਾਹੁ ਵਿਛੁੰਨੀਆਂ

ਸੰਜੋਗੀ ਮੇਲਾ ਰਾਮ

ਅਸੀਂ ਕੋਟ ਜਨਮ ਦੇ ਵਿਛੁੜੇ

ਹੁਣ ਮਿਲਣ ਦੁਹੇਲਾ ਰਾਮ

📝 ਸੋਧ ਲਈ ਭੇਜੋ