ਨੈਣ ਕਿਸਦੇ ਵੇਖ ਕੇ ਆਇਆ ਹਾਂ ਮੈਂ !
ਇਹ ਕੀ ਹੋਇਆ ? ਮੇਰੀਆਂ ਅੱਖੀਆਂ 'ਚ ਲੋਅ
ਸ੍ਵਸਥ, ਉਜਲੀ ਕਿਰਨ ਦਾ ਪਰਕਾਸ਼ ਨਹੀਂ,
ਇਹ ਕਿਸੇ ਨਾਸੂਰ ਦੇ ਅੰਗਾਂ ਚੋਂ ਹੈ ਸਿੰਮਦਾ ਮੁਆਦ ।
ਇੰਞ ਹੈ ਅੱਖੀਆਂ 'ਚ ਜੋੜ
ਜਿਸ ਤਰ੍ਹਾਂ ਦਿਲ ਵਿਚ
ਕਿਸੇ ਦੂਰ-ਸੁਪਨ ਦੀ ਕਾਲੀ ਯਾਦ,
ਨੈਣ ਕਿਸ ਦੇ ਵੇਖ ਕੇ ਆਇਆ ਹਾਂ ਮੈਂ !
ਅਰਸ਼ ਦੇ ਨੀਲੇ ਬਦਨ ਦੀ ਹਲਕੀ ਜਿਹੀ ਕੰਬਣੀ ਉਸ਼ੇਰ,
ਜਿਸ ਦੀ ਛੋਹ ਤੋਂ
ਫੁੱਲ ਦੇ ਅੰਗਾਂ 'ਚ ਪੁੜ ਜਾਂਦੀ ਏ ਜਾਗ ;
ਤ੍ਰਭਕ ਕੇ ਉਠਦੇ ਨੇ ਖੁਸ਼ਬੋਆਂ ਦੇ ਰੋਮ ;
ਲਹਿਰ ਦੇ ਕੇਸਾਂ 'ਚ ਵਿਛ ਜਾਂਦਾ ਏ ਸਿੰਧੂਰੀ-ਸੁਹਾਗ ;
ਪਿਘਲ ਜਾਂਦੀ ਆਲ੍ਹਣੇ ਖੰਭਾਂ 'ਚ ਮੋਮ,
ਗਲਿਆਂ 'ਚ ਰਾਗ ।
ਅੱਜ ਉਹੋ ਸ਼ਿੰਗਰਫ਼-ਸਵੇਰ
ਇਸ ਤਰ੍ਹਾਂ ਜਾਪੇ ਜਿਵੇਂ ਹਰ ਥਾਂ ਰਹੀ ਸੂਰਮਾ ਖਲੇਰ ।
ਫੁੱਲ ਦੇ ਹੱਡਾਂ 'ਚ ਰੋਗੀ ਨੀਂਦ ਹੈ
ਕਾਲੀਆਂ ਲਹਿਰਾਂ ਦੀ ਕਿਸਮਤ ਸ਼ਾਮ ਏ,
ਪੰਛੀਆਂ ਦੇ ਖੰਭ ਨੇ ਜੂੜੇ ਹੋਏ,
ਗਲਿਆਂ 'ਚ ਜੰਮਿਆਂ ਰਾਗ ਏ ;
ਤੇ ਮਨੁਖ-
ਇਸ ਦੀਆਂ ਰਾਹਾਂ ਨੂੰ ਸੰਘਣੀ ਰਾਤ ਨੇ ਰਖਿਆ ਵਲ੍ਹੇਟ
ਇਸ ਦੇ ਦਿਸ-ਹੱਦੇ ਨੇ ਸਭ ਧੁਆਂਖੇ ਹੋਏ
ਨਾ ਕਿਤੇ ਨਜ਼ਰੀ ਪਵੇ ਮੰਜ਼ਿਲ ਦੀ ਲੋਅ
ਨ ਕਿਤੇ ਸੁਣਦੀ ਕਿਸੇ ਹਮਦਰਦ ਦੀ ਆਵਾਜ ਏ
ਇਸ ਹਨੇਰੇ ਵਿਚ ਨਜ਼ਰ ਆਵੇ ਤਾਂ ਬਸ
ਭੁੱਖੀਆਂ ਗਿਰਝਾਂ ਦੇ ਡੇਲੇ
ਧੁਖਦੇ ਅੰਗਾਰ
ਜੇ ਸੁਣਾਈ ਦੇ ਤਾਂ ਬਸ
ਇਸ ਹਨੇਰੇ ਦੈਂਤ ਦੇ ਝੋਲੇ ਚੋਂ
ਡਿਗਦੇ ਗੋਲਿਆਂ ਦੀ ਗੂੰਜ
ਜਿਸ ਤੋਂ ਗੜ੍ਹ ਕੋਟਾਂ ਦੀ ਕਰੜੀ ਹਿਕ ਤਿੜਕ ਜਾਂਦੀ ਏ
ਪੈ ਜਾਂਦੇ ਦਰਾਰ ।
ਇੰਝ ਤਾਂ ਨਾ ਸੀ ਸਵੇਰ
ਇੰਝ ਤਾਂ ਲੂਸੇ ਹੋਏ ਨਾ ਸੀ ਖੁਸ਼ਬੋਆਂ ਦੇ ਅੰਗ
ਇੰਞ ਤਾਂ ਕਾਲੇ ਨਹੀਂ ਸਨ ਆਦਮੀ ਦੇ ਰਾਹ
ਕੌਣ ਕਿਰਨਾਂ ਭਖ਼ ਗਿਆ ?
ਕਿਸ ਨੇ ਮੇਰੀ ਜੋਤਨਾ ਨੂੰ ਪੋਚ ਦਿਤਾ
ਸੰਘਣੀ ਕਾਲਖ਼ ਦੇ ਨਾਲ ?
ਹਾਇ, ਕਿਸ ਦਲਦਲ 'ਚ ਡੁਬ ਆਇਆ ਹਾਂ ਮੈਂ
ਨੈਣ ਕਿਸ ਦੇ ਵੇਖ ਕੇ ਆਇਆ ਹਾਂ ਮੈਂ !!
ਕਿਸ ਦਿਆਂ ਨੈਣਾਂ ਤੋਂ ਪਾਰ ਝਾਕ ਕੇ ਆਇਆ ਹਾਂ ਮੈਂ ?
ਨੈਣ—
ਇਕ ਡਰਾਉਣੇ ਵਿੰਗ ਵਿਚ ਬੱਝੇ ਹੋਏ, ਬੇ-ਪਲਕ
ਜਿਸ ਦੇ ਬਲੌਰਾਂ ਦੀ ਚਿਲਕ
ਤੇਜ਼ ਅਗਨੀ-ਲੋਕ ਇਕ ਬੇ-ਰਹਿਮ
ਏਸ ਗੂੜ੍ਹੀ ਰਾਤ ਦੇ ਕਣ ਕਣ ਨੂੰ ਦੇਂਦੀ ਏ ਫਰੋਲ,
ਜਿਸ ਦੀ ਭੁਖ ਬ੍ਰਮ੍ਹਾਂਡ ਦੇ ਭੇਤਾਂ ਨੂੰ ਸੁਟਦੀ ਏ ਨੰਗੇਜ,
ਦੈਂਤ ਦੀ ਭੁਖ-
ਸੁਹਜ-ਸੁੰਦਰ,ਪਿਆਰ,ਕਰੁਣਾ,ਗਮ ਤੋਂ ਜੋ ਵਾਕਿਫ ਨਹੀਂ
ਜਿਸ ਦੇ ਲਈ ਸੂਰਜ-ਉਦੈ,
ਤੜਪਦੇ ਪਾਣੀ ਦੀ ਹਿਕ ਤੇ ਥਿਰਕਦੇ ਕਿਰਣਾਂ ਦੇ ਪੈਰ,
ਅਸਤਦੇ ਚਾਨਣ 'ਚ ਉਡਦੇ ਪੰਛੀਆਂ ਦੀ ਡਾਰ,
ਰਾਤ ਦੀ ਚੁਪ ਵਿਚ
ਸੁਨਹਿਰੀ ਛਿਲਤ ਜਹੇ ਬੰਸੀ ਦੇ ਬੋਲ,
ਆਦਮੀ ਦੀ ਦੇਹ ਦੇ ਵਿਚ ਲਿਸ਼ਕਦਾ ਚਾਨਣ ਅਰੋਗ,
ਨਾਰ ਦੇ ਨੈਣਾਂ 'ਚ ਸ਼ਰਮ, ਬਾਲ ਦੇ ਬੁੱਲਾਂ ਤੇ ਹਾਸ,
ਸਭ ਬਦਲ ਸਕਦੇ ਨੇ ਏਦਾਂ ਮਿਹਨਤ,ਨਫ਼ੇ ਦੇ ਰੂਪ ਵਿਚ
ਜਿਸ ਤਰ੍ਹਾਂ ਹਸਦੇ ਗੁਲਾਬ
ਤੁਬਕਾ ਤੁਬਕਾ,
ਬਦਲ ਜਾਂਦੇ ਨੇ ਅਰਕ ਦੇ ਰੂਪ ਵਿਚ ।
ਚਾਨਣੀ ਰਾਤਾਂ ਦੀ ਸਾਥਨ, ਹੇ ਮੇਰੀ ਹਮਦਰਦ,
ਝਾਕ ਬੈਠਾ ਮੈਂ ਉਨ੍ਹਾਂ ਸ੍ਰਾਪੇ ਹੋਏ ਨੈਣਾਂ ਤੋਂ ਪਾਰ
ਸਾਡੀਆਂ ਰਿਸ਼ਮਾਂ ਦੇ ਪਿੰਡੇ ਲੂਸ ਗਏ,
ਚੰਨ ਹੋਇਆ ਦਾਗ਼ਦਾਰ,
ਝੁਲਸ ਗਏ ਮੇਰੇ ਸੁਹਜ ਦੇ ਰਿਸ਼ਮ-ਤਾਰ,
ਜਿਸ ਦਾ ਮੈਂ
ਵਰ੍ਹਿਆਂ ਦੇ ਸੰਜਮ ਨਾਲ ਸੀ ਕੀਤਾ ਸ਼ਿੰਗਾਰ ;
ਗੀਤ ਮੇਰੇ, ਨੈਣ ਵਿਚ ਹੰਝੂ ਭਰੀ, ਮੰਗ ਰਹੇ ਮੈਥੋਂ ਵਿਦਾ,
ਕਲਪਨਾ ਦੇ ਸੁਪਨ-ਸੂਖਮ ਤ੍ਰੇਲ-ਮੰਦਿਰ ਡੋਲ ਗਏ ।
ਉਸ ਭਿਆਨਕ ਵਿੰਗ ਵਿਚ ਬੱਝੇ ਨੈਣਾਂ ਦਾ ਕੋਝ
ਮੇਰੇ ਲੂੰ ਲੂੰ ਰਮ ਰਿਹਾ ਹੈ ।
ਜੇ ਧਰਾਂ
ਝੀਲ ਜਹੇ ਡੂੰਘੇ ਤੇਰੇ ਨੈਣਾਂ ਦਾ ਧਿਆਨ,
ਹਿਲ ਜਾਏ ਪਾਣੀ ਦਾ ਤਖ਼ਤਾ, ਹੋ ਜਾਏ ਮੂਰਤ ਵਿਰਾਨ,
ਹੋਰ ਖਿਝ ਜਾਏ ਨਿਗਾਹ ।
ਪਿਆਰ, ਕਰੁਣਾ, ਸ਼ਾਨਤੀ ਦੀਆਂ ਸਜਰੀਆਂ
ਤ੍ਰੇਲਾਂ 'ਚ ਧੁਪਿਆ ਮੇਰਾ ਮਨ
ਖੌਰੇ ਕਿਸ ਵਿਹਲੀ ਨਜ਼ਰ 'ਚੋਂ
ਪੀ ਗਿਆ ਪਤਝੜ ਦਾ ਜਾਮ,
ਇਕ ਹਲੂਣ ਆਇਆ ਤੇ ਪੱਤੇ ਜ਼ਰਦ ਸਨ
ਇਕ ਹਵਾ ਆਈ ਤੇ ਸਖਣੇ ਟਾਹਣ ਸਨ
ਦੇਹ 'ਚ ਇਕ ਤੁਬਕਾ ਨ ਸੀ ਹੰਝੂ ਲਈ
ਏਨੀ ਕਾਲਖ,ਏਨਾ ਕੋਝ ਮਨ 'ਚ ਵਸਿਆ ਕਿਸ ਤਰ੍ਹਾਂ ?
ਖੌਰੇ ਕਿਸ ਕਾਲਖ਼ ਨੂੰ ਡੀਕ ਆਇਆ ਹਾਂ ਮੈਂ !
ਨੈਣ ਕਿਸ ਦੇ ਵੇਖ ਕੇ ਆਇਆ ਹਾਂ ਮੈਂ !!!
ਅੱਜ ਮੇਰਾ ਨਫ਼ਰਤ ਹੈ ਧਰਮ
ਦਿਲ 'ਚ ਇਕ ਨਫ਼ਰਤ ਹੈ ਇਸ ਕਾਲਖ਼ ਦੇ ਨਾਲ,
ਦਿਲ 'ਚ ਇਕ ਨਫ਼ਰਤ ਹੈ ਮੈਨੂੰ
ਸਵੇਰ ਦੇ ਚਾਨਣ ਦੇ ਨਾਲ,
ਇਕ ਤੜਪ ਬਣ ਕੇ ਜੋ ਪਾ ਦੇਂਦਾ ਨਹੀਂ
ਕਾਲਖ਼ ਦੇ ਸੀਨੇ ਵਿਚ ਲੰਗਾਰ ।
ਮੈਨੂੰ ਨਫ਼ਰਤ ਕਾਲੀਆਂ ਰਾਹਾਂ ਦੇ ਨਾਲ,
ਮੈਨੂੰ ਨਫ਼ਰਤ ਓਸ ਰਾਹੀ ਨਾਲ ਵੀ,
(ਖਿਮਾ ਕਰ, ਸਾਥਨ ਮੇਰੀ)
ਕਾਲੇ ਸਾਏ ਅਪਣੀਆਂ ਰਾਹਾਂ ਤੇ ਤਕ ਕੇ ਵੀ
ਜੋ ਬੇਬਸ ਹੈ, ਖੜਾ ਖਾਮੋਸ਼ ।
ਮੈਨੂੰ ਨਫ਼ਰਤ ਦੂਰ ਵਧਦੇ ਆ ਰਹੇ ਵੈ
ਰੀ ਦੀ ਬਮਬਾਰੀ ਦੇ ਨਾਲ
ਮੈਨੂੰ ਨਫ਼ਰਤ ਤਿੜਕਦੇ ਕੋਟਾਂ ਦੇ ਨਾਲ
ਜੋ ਮਨੁੱਖ ਨੂੰ ਸ਼ਰਨ ਦੇ ਸੱਕਣ ਤੋਂ ਅਸਮਰੱਥ ਨੇ ।
ਨਾਲੇ ਨਫ਼ਰਤ ਹੈ ਮਨੁੱਖ ਦੀ ਦੇਹ ਦੇ ਵਿਚ
ਲਿਸ਼ਕਦੇ ਚਾਨਣ ਦੇ ਨਾਲ
ਜੋ ਨਫ਼ਾ ਬਣ ਜਾਣ ਲਈ ਹਾਜ਼ਰ ਜਨਾਬ ;
ਨਾਲੇ ਨਫ਼ਰਤ ਹੈ ਉਹਨਾਂ ਨੈਣਾਂ ਦੇ ਨਾਲ
ਜੋ ਕਰੁਣ ਹੰਝੂ ਹੀ ਰਖਦੇ ਨੇ ਸਿਰਫ,ਅੰਗਿਆਰ ਨਹੀਂ।
ਮੈਨੂੰ ਨਫ਼ਰਤ ਹੈ ਉਹਨਾਂ ਗੀਤਾਂ ਦੇ ਨਾਲ,
ਜੋ ਨਪੁੰਸਕ ਨੈਣ ਭਰ ਲੈਂਦੇ
ਮੈਨੂੰ ਕਾਲਖ਼ 'ਚ ਘਿਰਿਆ ਵੇਖ ਕੇ,
ਮੇਰੇ ਦਿਲ ਵਿਚ ਸ਼ੌਕ ਦੀ ਅਗਨੀ ਜੋ ਭੜਕਾਉਂਦੇ ਨਹੀਂ,
ਮੇਰੇ ਵਿਸ਼ਵਾਸਾਂ ਨੂੰ ਅਮਲਾਂ ਵਿਚ ਬਦਲ ਸਕਦੇ ਨਹੀਂ।
ਮੈਨੂੰ ਨਫ਼ਰਤ ਵਿੰਗ ਵਿਚ ਬੱਝੇ ਹੋਏ ਨੈਣਾਂ ਦੇ ਨਾਲ,
ਜਿਨ੍ਹਾਂ ਦੀ ਤਕਣੀ ਤੋਂ
ਹਰ ਪਲ ਡਿਗ ਰਹੇ ਨੇ ਕਾਲੇ ਨਾਗ,
ਜਿਨ੍ਹਾਂ ਦੀ ਕਸ ਵਿਚ ਸੁਹਜ ਬੇਹੋਸ਼ ਹੈ।
ਪਿਆਰ ਕੇਵਲ ਆਪਣੀ ਨਫ਼ਰਤ ਦੇ ਨਾਲ,
ਰੌਸ਼ਨੀ ਦਾ ਇਕ ਭਮਾਕਾ ਬਣਕੇ
ਜੋ ਮਿਟ ਜਾਣ ਲਈ ਤੈਯਾਰ ਹੈ ।
ਕਰੁਣ-ਕੋਮਲ ਕਲਪਨਾ ਦੀ ਹੇ ਪੁਜਾਰਨ,
ਤੂੰ ਨ ਡਰ
ਵੇਖ ਕੇ—
ਲਕਵਿਆ ਚਿਹਰਾ, ਕਰੀਚੇ ਦੰਦ ;
ਤਕ ਮੇਰੀ ਵੀਣੀ 'ਚ ਕਸ;
ਦੇ ਮੇਰੇ ਹੱਥਾਂ 'ਚ ਜਗਮਗ ਕੋਈ ਖ਼ੰਜਰ ਤੇਜ਼ ;
ਚੋਭ ਦਾਂ ਜੋ ਦੈਂਤ ਦੇ ਨੈਣਾਂ 'ਚ ਮੇਟਾਂ ਅੰਧਕਾਰ,
ਸਹਿਮ 'ਚੋਂ ਜਾਗਣ ਮਨੁੱਖ ਦੇ ਰਾਹ,
ਸਿੰਮ ਪਵੇ ਫੁੱਲਾਂ 'ਚੋਂ ਮੁੜ ਖੁਸ਼ਬੋ,
ਲਹਿਰਦੇ ਕੇਸਾਂ 'ਚ ਵਿਛ ਜਾਵੇ ਸਿੰਧੂਰ,
ਖੰਭ ਫੜਕਣ, ਚੋ ਪਵੇ ਗਲਿਆਂ ਚੋਂ ਰਾਗ।
ਕਰਨ ਦੇ ਨਫ਼ਰਤ ਮੈਨੂੰ,
ਕਿਉਂਕਿ ਮੇਰਾ ਪਿਆਰ ਅੱਜ ਮੁਸ਼ਕਿਲ 'ਚ ਹੈ ;
ਕੋਹਣ ਦੇ ਇਸ ਕੋਝ ਨੂੰ,
ਕਿਉਂਕਿ ਮੇਰਾ ਸੁਹਜ ਮੇਰੀ ਜਾਨ ਹੈ ;
ਚਾਨਣੀ ਰਾਤਾਂ ਦੀ ਸਾਥਣ,ਹੇ ਮੇਰੀ ਹਮਦਰਦ,
ਕਿਉਂਕਿ ਮੈਨੂੰ ਚਾਨਣੀ ਨਾਲ ਪਿਆਰ ਹੈ ;
ਝੀਲ ਜਹੇ ਡੂੰਘੇ ਤੇਰੇ ਨੈਣਾਂ 'ਚ
ਮੁੜ ਝਾਕਣ ਦੀ ਮੈਨੂੰ ਰੀਝ ਹੈ ।