ਮੈਂ ਨਫ਼ਰਤ ਕਰਦੀ ਹਾਂ, ਤੁਹਾਡੇ ਸੌਣ ਵੇਲੇ ਨੂੰ ।
ਕਿਉਂਕਿ ਤੁਸੀਂ ਆਪਣੀਆਂ, ਜੋ ਮੈਂ ਸਮਝਦੀ ਮੇਰੀਆਂ ।
ਅੱਖਾਂ ਬੰਦ ਕਰ ਲੈਣੀਆਂ, ਨੀਂਦਰ ਦੇ ਆ ਜਾਣ 'ਤੇ ।
ਲੰਮੀਆਂ, ਸੋਹਣੀਆਂ ਬਾਹਾਂ, ਕੂਲ਼ੇ ਮਖਮਲੀ ਹੱਥ,
ਚਾਂਦੀ ਰੰਗੇ ਵਾਲ, ਜੋ ਕਦੇ ਕਾਲੇ ਸਿਆਹ ਸੀ ।
ਢੱਕ ਲੈਣੇ ਤੁਸੀਂ, ਸੌਣ ਵੇਲੇ, ਖੱਦਰ ਦੀ ਚਾਦਰ ਹੇਠ ।
ਡੀਲ ਡੌਲ ਵਾਲਾ ਬਦਨ, ਜੋ ਕਦੇ ਮਾਰਕੇ ਮਾਰਦਾ ਰਿਹਾ,
ਜਵਾਨੀ ਦੇ ਪਲਾਂ ਵਿੱਚ, ਜਿਸ ਨੇ ਬੜੀਆਂ ਧੁੱਪਾਂ, ਛਾਵਾਂ,
ਤੇ ਸਾਉਣ ਦੀ ਝੜੀਆਂ, ਵਾਚੀਆਂ ਤੇ ਮਾਣੀਆਂ ਹੋਣੀਆਂ ।
ਸਿਆਲ ਦੇ ਠਰਕੇ, ਹਾੜ੍ਹ ਦੀਆਂ ਧੁੱਪਾਂ,
ਭਾਦੋਂ ਦੇ ਚਮਾਸੇ, ਪਤਝੜ ਤੇ ਪੁੰਗਾਰੇ,
ਵੇਖ, ਜਿਉਣ ਦੇ ਸਿੱਖੇ ਹੋਣੇ ਢੰਗ ।
ਤੇ ਹਾਰਾਂ ਨੂੰ ਜਿੱਤ 'ਚ, ਤਬਦੀਲ ਕਰਨ ਦੇ ਵੱਲ,
ਸਿੱਖੇ ਹੋਣੇ ਤੁਸੀਂ ਇਹਨਾਂ ਤੋਂ ।
ਕਿੰਨੇ ਹੀ ਜਵਾਨੀ ਦੇ ਖ਼ੂਬਸੂਰਤ ਲਮਹੇਂ,
ਕਿਸੇ ਅਪਣੇ ਲਈ, ਨਿਸ਼ਾਵਰ ਕੀਤੇ ਹੋਣੇ ।
ਕਿੰਨੀ ਵਾਰ ਵਿਰੋਧ ਦਾ, ਸਾਹਮਣਾ ਕੀਤਾ ਹੋਣਾ,
ਸੱਚ ਨੂੰ ਕਹਿ ਦੇਣ ਤੇ ।
ਤੇ ਹੁਣ ਵੀ ਦਿਹਾੜੀ ਲਾ, ਮਿਹਨਤ ਕਰ ਥੱਕ ਕੇ,
ਸੱਜਰੀ ਮਿਹਨਤ ਕਰਨੇ ਖਾਤਰ,
ਸੌਣ ਦੀ ਸੋਚੀ ਹੋਣੀ ।
ਹੁਣ ਮੇਰੀ ਵਾਰੀ ਆਈ ਜਦ, ਤੁਹਾਨੂੰ ਨਿਹਾਰਨ ਦੀ,
ਤੇ ਤੁਸੀਂ ਸੌਣ ਲੱਗੇ ਹੋ ।
ਮੈਨੂੰ ਪਤਾ ਤੇਰਾ ਸੌਣਾ, ਬਹੁਤ ਜ਼ਰੂਰੀ ਹੈ ।
ਪਰ ਸੱਚ ਦੱਸਾਂ 'ਸਰਬ' ਨੂੰ ਸੋਹਣਿਆ,
ਤੁਹਾਡਾ ਸੌਣਾ ਪਸੰਦ ਨਹੀਂ ।