ਨਹੀਂ ਜੇ ਅਰਥ ਹੀ ਸਮਝੇ

ਨਹੀਂ ਜੇ ਅਰਥ ਹੀ ਸਮਝੇ, ਸਫ਼ੇ ਪਲਟਣ ਦਾ ਕੀ ਫਾਇਦਾ । 

ਕੁਲੀ ਵਾਂਗਰ, ਕਿਤਾਬਾਂ ਰਾਤ ਦਿਨ ਚੁੱਕਣ ਦਾ ਕੀ ਫ਼ਾਇਦਾ । 

ਜਦੋਂ ਦੱਸਣ, ਸਿਤਾਰੇ, ਫੁੱਲ, ਬੱਚੇ, ਮੁਸਕਰਾਇਆ ਕਰ, 

ਬਿਨ੍ਹਾਂ ਮਤਲਬ, ਸਵੇਰੇ ਸ਼ਿਵਰ ਵਿੱਚ ਹੱਸਣ ਦਾ ਕੀ ਫ਼ਾਇਦਾ । 

ਨਾ ਇਹ ਰੁੱਖ ਨੂੰ, ਨਾ ਰੁੱਖ ਇਸਨੂੰ ਹੀ ਹੁਣ ਮਹਿਸੂਸ ਕਰ ਸਕਦੈ, 

ਝੜੇ ਪੱਤੇ ਨੂੰ, ਮੁੜ ਇਸ ਰੁੱਖ ‘ਤੇ ਟੰਗਣ ਦਾ ਕੀ ਫ਼ਾਇਦਾ । 

ਹੈ ਮਸਜਿਦ ਵੀ, ਹੈ ਮੰਦਰ ਵੀ, ਤੇਰੇ ਅੰਦਰ ਗੁਰੂ-ਘਰ ਵੀ, 

ਤਾਂ ਉਸਦੀ ਭਾਲ ਵਿੱਚ, ਫ਼ਿਰ ਦਰ-ਬ-ਦਰ ਭਟਕਣ ਦਾ ਕੀ ਫ਼ਾਇਦਾ। 

ਮੇਰਾ ਇਹ ਜਿਸਮ, ਮੁਰਦਾ ਰੂਹ ਦਾ ਤਾਬੂਤ ਹੈ ਜੀਕਣ, 

ਕਿਸੇ ਤਾਬੂਤ ਨੂੰ, ਤਾਬੂਤ ਵਿੱਚ ਰੱਖਣ ਦਾ ਕੀ ਫ਼ਾਇਦਾ । 

ਨਹੀਂ ਜੇ ਘਰ ਨੂੰ ਰੁਸ਼ਨਾਣਾ, ਨਹੀਂ ਜੇ ਰਾਹ ਦਿਖਲਾਣਾ, 

ਨਹੀਂ ਸੋਚਾਂ ਨੂੰ ਚਮਕਾਣਾ, ਤਾਂ ਇਸ ਚਾਨਣ ਦਾ ਕੀ ਫ਼ਾਇਦਾ । 

ਹੈ ਕਰਦਾ ਵਣਜ ਜੇ ਮਜ਼ਹਬ, ਤਰਾਜੂ ਆਸਥਾ ਦਾ ਫੜ, 

ਤੇ ਬੁੱਤ, ਵੱਟੇ ਨੇ ਤੋਲਣ ਨੂੰ, ਤਾਂ ਫ਼ਿਰ ਪੂਜਣ ਦਾ ਕੀ ਫ਼ਾਇਦਾ

📝 ਸੋਧ ਲਈ ਭੇਜੋ