ਨਹੀਂ, ਨਹੀਂ, ਨਹੀਂ

ਨਹੀਂ,

ਨਹੀਂ, ਨਹੀਂ,

ਅੱਜ ਨਹੀਂ, ਅੱਜ ਨਹੀਂ ਮੈਂ ਪੀਣੀ ਸ਼ਰਾਬ 

ਸਿਮ ਰਿਹਾ ਹੈ ਗਗਨ ਦੇ ਲੂੰ ਲੂੰ ਚੋਂ ਹਨੇਰ 

ਮੇਰੇ ਹਰ ਅੰਗ ਨੂੰ ਕੋਂਹਦੀ ਹੈ ਚਿਣਗ ਤਾਰੇ ਤੋਂ ਤੇਜ਼ 

ਭਾਲੇ ਜਿਵੇਂ ਚੁਭਦੇ ਤਾਂ ਨੇ, ਖੁਭਦੇ ਨਹੀਂ

ਜ਼ਿੰਦਗੀ ਤੜਪ ਹੈ ਇਕ ਮੌਤ ਦੇ ਨਜ਼ਦੀਕ 

ਮਗਰ ਮੌਤ ਨਹੀਂ

ਚੀਸ ਉਠਦੀ ਹੈ ਕਲੇਜੇ 'ਚ

ਜੋ ਸੁਟਦੀ ਹਲੂਣ

ਅੱਖਾਂ ਵਿਚ ਨੀਂਦ ਦਾ ਮਜਬੂਰ ਖੁਮਾਰ

ਕੰਵਲ ਪੰਖਾਂ ਤੇ ਜਿਵੇਂ ਸੁਹਲ ਤੇਲਾਂ ਦਾ ਸ਼ਿੰਗਾਰ 

ਲੂਸਦੀ ਹਵਾ ਦਾ ਬੁੱਲਾ ਕੋਈ ਦੇਵੇ ਵਿਗਾੜ 

ਮੇਰੇ ਸਾਹਵੇਂ ਹੈ ਪਿਆ

ਤੇਜ਼ ਮਦਿਰਾ ਦਾ ਗਿਲਾਸ

ਜਿਹਦੇ ਸੀਨੇ ਚੋਂ ਮੇਰੇ ਸੀਨੇ ਹੀ ਵਾਂਙ 

ਉਠਦੀ ਹੈ ਤ੍ਰਾਟ

ਚਾਹਾਂ ਉਸ ਤ੍ਰਾਟ ਦੇ ਵਿਚ ਤ੍ਰਾਟ ਮਿਲਾ ਦਾਂ ਅਪਣੀ 

ਕੁਝ ਤਾਂ ਘਟ ਸਕਦਾ ਹੈ ਮੇਰੀ ਰੂਹ ਦਾ ਅਜ਼ਾਬ 

ਪਰ ਨਹੀਂ,

ਮੈਂ ਅਜ ਨਹੀਂ ਪੀਣੀ ਸ਼ਰਾਬ

ਕਾਲੇ ਅਸਮਾਨ 'ਚ ਉਠਦੀ ਹੈ

ਇਕ ਹੋਰ ਵੀ ਕਾਲੀ ਤਸਵੀਰ

ਜੋ ਕਦੇ ਦਿਸਦੀ ਹੈ, ਲੁਕਦੀ ਹੈ, ਫਿਰ ਦਿਸਦੀ ਹੈ 

ਵਾਲਾਂ ਦੀਆਂ ਚਿੰੜਗਾਂ ਉਹੋ, ਉਹੋ ਪੀਲੀ ਨੁਹਾਰ 

ਹੱਥਾਂ ਵਿਚ ਬੱਝਾ ਹੋਇਆ ਬਾਲ ਉਹੋ 

ਉਹੋ ਬੁੱਲ੍ਹਾਂ ਤੇ ਪੁਕਾਰ :

ਮੇਰੇ ਹਮਵਤਨ, ਮੇਰੇ ਵੀਰ, ਮੈਨੂੰ ਗੋਲੀ ਮਾਰ 

ਫ਼ਾਕੇ ਜਹ ਜਰ ਕੇ ਮੇਰਾ ਰੰਗ ਪੀਲਾ ਮੈਂ ਲਾਲ ਨਹੀਂ, 

ਮੈਂ ਸਿਰਫ਼ ਮਾਂ ਹਾਂ, ਮੇਰੇ ਵੀਰ, ਮੈਂ ਜਾਸੂਸ ਨਹੀਂ

ਮੇਰੇ ਸੀਨੇ 'ਚ ਮੇਰੇ ਬਾਲ ਦਾ ਦੁੱਧ—

ਜ਼ਹਿਰ ਜਿਹਾ ਭੇਤ ਨਹੀਂ

ਏਸ ਸੀਨੇ ਨੂੰ ਪਾੜ ਮੇਰੇ ਹਮ ਵਤਨ, ਮੇਰੇ ਵੀਰ ਮੈਨੂੰ......

ਉਹਦੇ ਸੀਨੇ 'ਚ ਉਹਦੇ ਬਾਲ ਦੀ ਵੱਖੀ 'ਚ 

ਮੇਰੀ ਗੋਲੀ ਦਾ ਦਾਗ਼

ਕਿਸੇ ਕਚ-ਅੰਗੀ ਦੀ ਲਜਿਆ ਤੇ ਜਿਵੇਂ 

ਡਿੱਗਾ ਹੋਇਆ ਧੂਸ ਕੋਈ, ਵਾਂਗ ਉਕਾਬ 

ਅਪਣੇ ਇਸ ਜੁਰਮ ਦੀ ਤਸਵੀਰ ਨੂੰ ਤਕ ਕੇ 

ਨਜ਼ਰ ਜਾਂਦੀ ਪਾਟ

ਥਿੜਕਦੇ ਹੱਥਾਂ 'ਚ ਬੁੱਲ੍ਹਾਂ ਤਕ ਵਧਦਾ ਹੈ 

ਤੇਜ਼ ਮਦਿਰਾ ਦਾ ਗਿਲਾਸ

ਰੂਹ ਦੀ ਕਾਲਖ਼ੀ ਗਹਿਰਾਈ ਚੋਂ ਉਠਦੀ ਹੈ 

ਇਕ ਕਿਰਨ ਆਵਾਜ਼

ਨਹੀਂ,

ਨਹੀਂ, ਨਹੀਂ,

ਅੱਜ ਨਹੀਂ, ਅੱਜ ਨਹੀਂ, ਮੈਂ ਪੀਣੀ ਸ਼ਰਾਬ

📝 ਸੋਧ ਲਈ ਭੇਜੋ