ਨਹੀਂ ਰਹਿਣਾ ਜੋ ਸਾਡੇ ਕੋਲ

ਨਹੀਂ ਰਹਿਣਾ ਜੋ ਸਾਡੇ ਕੋਲ ਉਸ ਨੂੰ ਰੱਜ ਕੇ ਰੋਈਏ । 

ਚਲੋ ਬੀਮਾਰ ਮੌਸਮ ਦੀ ਸਰ੍ਹਾਂਦੀ ਬੈਠ ਕੇ ਰੋਈਏ

ਚਲੋ ਕਾਤਲ ਭਰਾਵਾਂ ਦੀ ਨਿਕੰਮੀ ਸੋਚ ਤੇ ਹੱਸੀਏ, 

ਚਲੋ ਮਕਤੂਲ ਪੁੱਤਰਾਂ ਦੇ ਜਨਾਜ਼ੇ ਤੋਰ ਕੇ ਰੋਈਏ।

ਜੇ ਲੋਕਾਂ ਸਾਹਮਣੇ ਰੋਣਾ ਨਮੋਸ਼ੀ ਸਮਝਦੇ ਹੋ ਤਾਂ, 

ਚਲੇ ਆਓ ਕਿ ਨਿੱਜੀ ਕਮਰਿਆਂ ਵਿਚ ਬੈਠ ਕੇ ਰੋਈਏ।

ਸਮੇਂ ਦੇ ਸਿਤਮ ਨੇ ਜਿਨ੍ਹਾਂ ਉਮੀਦਾਂ ਨੂੰ ਤਬਾਹ ਕੀਤੈ, 

ਚਲੋ ਉਹਨਾਂ ਦੀ ਹੋਣੀ ਨੂੰ ‘ਮੁਕੱਦਰ' ਆਖ ਕੇ ਰੋਈਏ

ਜੇ ਦੁਸ਼ਮਣ ਆਪਣੇ ਖੇਤਾਂ 'ਚ ਨਫ਼ਰਤ ਬੀਜ ਕੇ ਹੱਸਦੈ, 

ਤਾਂ ਆਪਾਂ ਓਸ ਦੀ ਪੈਲੀ ਮੁਹੱਬਤ ਬੀਜ ਕੇ ਰੋਈਏ

ਤੁਸੀਂ ਸਹਿਰਾ ਦੀ ਖ਼ਾਮੋਸ਼ੀ ਤੋਂ ਡਰਦੇ ਹੋ ਤਾਂ ਜਾਓ,

ਕਿ ਚੀਖ਼ਾਂ ਦੇ ਘਣੇ ਜੰਗਲ 'ਚ ਕਿਧਰੇ ਗੁੰਮ ਕੇ ਰੋਈਏ

📝 ਸੋਧ ਲਈ ਭੇਜੋ