ਨਹੀਂ ਇਹ ਸ਼ੋਰ ਨਹੀਂ ਹੈ
ਸ਼ੋਰ ਤਾਂ ਚੁੱਪ ਕਰ ਜਾਂਦੇ ਹੁੰਦੇ ਨੇ
ਕੁਝ ਪਲਾਂ ਲਈ ਹੁੰਦੇ ਨੇ ਸ਼ੋਰ
ਇਹ ਤਾਂ ਵਿਰਲਾਪ ਹੈ ਖੇਤਾਂ ਫਸਲਾਂ ਦਾ
ਝੱਲਾ ਸਿਤਮ ਰਾਹਾਂ ਤੇ
ਮਾਵਾਂ ਦੇ ਲੰਬੇ ਵੈਣਾਂ ਦਾ ਵਿਰਤਾਂਤ
ਭੁੱਖੇ ਪਿਆਸੇ ਪੰਛੀਆਂ ਦੇ
ਆਲਣਿਆਂ 'ਚ ਬੋਟਾਂ ਦੀਆਂ ਚੀਖਾਂ ਨੇ
ਟਹਿਣੀਆਂ ਤੇ ਮੁਰਝਾਏ ਫੁੱਲਾਂ ਦਾ ਤਰਲਾ ਹੈ
ਜੋ ਸਮੇਂ ਨੇ ਦੇਖਣਾ ਸੀ
ਕਿੰਨਾ ਚਿਰ
ਇਹ ਮਾਤਮ ਹੁੰਦੇ ਰਹਿਣਗੇ
ਰੋਂਦੀਆਂ ਰਹਿਣਗੀਆਂ ਬੇਵੱਸ ਹਵਾਵਾਂ ਸਿਤਮ ਸਹਿੰਦੀਆਂ
ਨਾ ਕੁਝ ਬੋਲਦੀਆਂ ਨਾ ਕਹਿੰਦੀਆਂ
ਚੁਰਾਹਿਆਂ ਦਾ ਕੌਣ ਬਣੇਗਾ ਮਹਿਰਮ
ਕਿਹੜੇ ਰਾਹ ਜਾਣਗੇ ਘਰਾਂ ਨੂੰ ਹੁਣ
ਕਦ ਤੱਕ ਬੇੜੀਆਂ 'ਚ
ਜਕੜੇ ਰਹਿਣਗੇ ਬੇਗੁਨਾਹ ਨਗ਼ਮੇ
ਕਦ ਤੱਕ ਸਾਜ ਕੰਬਦੇ ਰਹਿਣਗੇ
ਬਿਨ ਤਾਰਾਂ ਤੋਂ
ਕੀ ਕਹਿੰਦੀਆਂ ਨੇ ਇਹ
ਨੰਗੀਆਂ ਤੁਰੀਆਂ ਫਿਰਦੀਆਂ
ਬੇਲਗਾਮ ਲਾਠੀਆਂ
ਪਹਿਰ ਕਿਉਂ ਫਿਰਦੇ ਨੇ ਕੁਰਲਾਂਦੇ
ਕਿਹੜਾ ਝੱਲ ਚੜ੍ਹਿਆ ਹੈ
ਇਹਨਾਂ ਦੀਵਾਰਾਂ ਨੂੰ ਸਾਜਿਸ਼ਾਂ ਦਾ
ਇਹ ਸ਼ੋਰ ਰਾਹਾਂ 'ਚ
ਕਿਉਂ ਟੁਰ ਪਏ ਨੇ ਨੰਗੇ ਸੀਨੇ ਲੈ ਕੇ
ਤਲੀਆਂ ਤੇ ਰੱਖ ਕੇ ਸਿਰ
ਗੱਲ ਤਾਂ ਜ਼ਰੂਰ ਕੋਈ ਹੋਈ ਹੋਵੇਗੀ
ਚਾਨਣੀ ਇੰਜ ਨਹੀਂ ਕਤਲ ਹੁੰਦੀ ਸਿਖਰ ਦੁਪਹਿਰੇ
ਤਾਰੇ ਇੰਜ ਨਹੀਂ
ਡਰ ਡਰ ਕੇ ਕਿਰਦੇ ਹੁੰਦੇ ਹਨੇਰਿਆਂ ਤੋਂ
ਜੰਗਲ 'ਚ ਅੱਗ ਕਿਉਂ ਟੁਰੀ
ਖੇਤ ਕਿਉਂ ਰੋਂਦੇ ਨੇ ਦੁਹੱਥੜੀਂ
ਗੜੀ ਜੁਆਬ ਮੰਗਦੀ ਹੈ
ਸਰਹੰਦ ਦੀ ਦੀਵਾਰ ਦੀਆਂ ਇੱਟਾਂ ਨੂੰ ਸੱਚ ਚਾਹੀਦਾ ਹੈ
ਇਹ ਸ਼ਬਦ ਗੁਰੂ ਨਾਨਕ ਦੇ ਸਨ
ਗੋਬਿੰਦ ਦੇ ਫਲਸਫੇ ਦੇ ਤੀਰਾਂ ਦੀ ਲਿਸ਼ਕ ਸੀ
ਇਹ ਪਾਵਨ ਪੰਨੇ ਸੁਰਖ ਤਵੀ 'ਤੇ ਲਿਖੇ ਗਏ ਸਨ
ਬੰਦ ਬੰਦ ਕੱਟੇ ਗਏ
ਅਰਮਾਨਾਂ ਦੇ ਮੋਤੀ ਇੰਜ ਨਹੀਂ ਬਿਖਰਦੇ ਹੁੰਦੇ
ਕਿੰਜ ਸੂਰਜ ਦੀ ਲੋਅ ਕੋਲ ਦੀ ਕਾਲਖਾਂ ਲੰਘੀਆਂ
ਬੱਚੇ ਕਿਉਂ ਡਰ ਡਰ ਕੇ ਉੱਠੇ ਹਿੱਕਾਂ ਨਾਲ ਲੱਗੇ
ਬਾਪ ਦੀ ਗੈਰਤ ਨੂੰ ਬਚਾਉਂਦੇ ਚੰਨ
ਕਿੰਜ ਬੱਦਲਾਂ 'ਚ ਛੁਪਾ ਦਿੱਤੇ ਗਏ
ਕਿਹਨੇ ਕਾਲਖਾਂ ਸਵੇਰਿਆਂ ਦੇ ਮੱਥੇ ਤੇ ਮਲੀਆਂ
ਦਰਿਆ ਕਿਉਂ ਰੋਏ
ਹਵਾਵਾਂ ਨੂੰ ਕਿਉਂ ਲੱਗੀਆਂ ਅੱਗਾਂ
ਸਮਾਂ ਜੁਆਬ ਮੰਗਣ ਆਇਆ ਹੈ
ਸੂਰਜ ਦਰਾਂ ਤੇ ਖੜ੍ਹੇ ਹਨ
ਰਾਤਾਂ ਨੂੰ ਓਸ ਦਿਨ ਤੋਂ ਨੀਂਦ ਨਹੀਂ ਆ ਰਹੀ
ਜਦ ਕਿਸੇ ਚੰਨ ਦੀ ਨੀਂਦ ਤਿੜਕਦੀ ਹੈ
ਤਾਂ ਦੁਨੀਆਂ ਤੇ ਕਰਬਲਾ ਨੱਚਦੀ ਹੈ
ਜਦੋਂ ਰੂਹਾਂ ਸਰਾਪੀਆਂ ਜਾਣ
ਪਲ ਪਲ ਬੇਦਰਦੀ ਨਾਲ ਭਰ ਜਾਂਦਾ ਹੈ
ਬਹੁਤ ਪਛਤਾਉਂਣਾ ਪਵੇਗਾ
ਤਾਰਿਆਂ ਦੀ ਨੀਂਦ ਨੂੰ ਗੁਆ ਕੇ
ਪਾਟੀ ਚਾਨਣੀ ਕਦੇ ਗੰਢੀ ਨਹੀਂ ਜਾਂਦੀ
ਟੁੱਟੇ ਸਿਤਾਰੇ ਕਦੇ ਅਰਸ਼ ਨੂੰ ਨਹੀਂ ਲੱਗਦੇ
ਅੱਗ ਟੁਰੀ ਕਦੇ ਘਰ ਨਹੀਂ ਮੁੜਦੀ
ਬੁੱਕਦੇ ਸੂਰਜ ਕਦੇ ਲੜਦੇ ਨਹੀਂ ਮਰਦੇ