ਨਹੀਂ ਜਾਰੀ ਸਫ਼ਰ ਦੀਵੇ ਦਾ

ਨਹੀਂ ਜਾਰੀ ਸਫ਼ਰ ਦੀਵੇ ਦਾ ਇਸ ਵਕਤੀ ਉਜਾਲੇ ਤੱਕ,

ਇਨ੍ਹੇ ਬਲਦੇ ਹੀ ਰਹਿਣਾ ਹੈ, ਨਿਰੰਤਰ ਪਹੁ ਫੁਟਾਲੇ ਤੱਕ।।

ਕੁਰਾਹੇ ਰਹਿਬਰਾਂ ਪਾਇਆ ਯਾ ਮੰਜ਼ਿਲ ਹੀ ਛਲਾਵਾ ਹੈ

ਜ਼ਮਾਨੇ ਤੁਰਦਿਆਂ ਹੋਏ, ਅਧੂਰੀ ਵਾਟ ਹਾਲੇ ਤਕ

ਅਜੋਕੇ ਹਾਦਸੇ ਐਸੇ ਨੇ, ਹਰ ਇਕ ਹਾਦਸੇ ਮਗਰੋਂ,

ਕਈ ਦਿਨ ਡਰ ਜਿਹਾ ਛਾਇਆ ਰਹੇ ਆਲੇ ਦੁਆਲੇ ਤਕ

ਕਈ ਜ਼ਹਿਰੀਲੀਆਂ ਗੈਸਾਂ ਦੇ ਧੂੰਏਂ, ਸੇਕ ਭੱਠੀਆਂ ਦੇ,

ਉਡਾ ਕੇ ਰੰਗ ਧਰਤੀ ਦਾ ਤੇ ਜਾ ਪਹੁੰਚੇ ਹਿਮਾਲੈ ਤਕ

ਕਿਸੇ ਦਿਨ ਹਾਰ ਕੇ ਸਿੱਧੇ ਅਸਿੱਧੇ ਹੱਥ ਪਹੁੰਚਣਗੇ,

ਅਸਾਨੂੰ ਰੋਜ਼ ਨਵੀਆਂ ਉਲਝਣਾਂ ਵਿਚ ਪਾਉਣ ਵਾਲੇ ਤੱਕ

📝 ਸੋਧ ਲਈ ਭੇਜੋ