ਨਹੀਂ ਮਿਟਣੀਆਂ
ਸਾਡੀਆਂ ਨਿੱਕੇ 2 ਬੂਟਾਂ ਨਾਲ
ਚੀਂ 2 ਕਰਦੀਆਂ ਨਿੱਕੀਆਂ 2 ਪਾਈਆਂ ਪੈੜਾਂ
ਪਿੰਡ ਦੀਆਂ ਗਲੀਆਂ ਗੁਆਂਢਾਂ ਚੋਂ -
ਪਿੰਡ ਦੀ ਰਾਤ ਚ
ਮੰਜਿਆਂ ਦੇ ਨੇੜੇ ਕੀਤਾ ਫੜ ਕੇ ਸਾਰਾ ਅਸਮਾਨ
ਤਾਰਿਆਂ ਨਾਲ ਮੁੱਠੀਆਂ ਭਰ 2
ਖੇਡਦੀਆਂ ਅੱਖਾਂ
ਛੱਤਾਂ ਦੀਆਂ ਬਾਤਾਂ ਰੌਣਕਾਂ
ਚਾਨਣੀ ਚ ਛੂਹਣ ਛੁਪਾਈ
ਕਿਸੇ ਦਿਨ ਫੇਰ
ਅੱਡੀ ਛੜੱਪੇ ਲਾਉਣੇ
ਅੱਡਾ ਖੱਡਾ ਖੇਡਣਾ
ਇਕ ਲੱਤ ਨਾਲ ਸਾਰੀ ਧਰਤ ਤੇ ਖੜ੍ਹ ਕੇ
ਲੱਭਣ 2 ਚੋਰ ਸਿਪਾਹੀ ਦਾ
ਅਸਮਾਨੀ ਤਾਰਿਆਂ ਦੀ ਵਗਦੀ ਨਦੀ
ਲਿਸ਼ਕ ਧਰੂ ਭਗਤ ਦੀ
ਵਹਿੰਗੀ ਸਰਵਣ ਦੀ
ਕੂਕਾਂ ਮੋਰਾਂ ਦੀਆਂ ਟੀਂ 2 ਟਟੀਰੀ ਦੀ
ਗੜੈਂ 2 ਡੱਡੂਆਂ ਦੀ
ਹਨੇਰੇ ਤੜਕੇ ਚ ਘੁੰਗਰੂਆਂ ਦੇ ਬੋਲ
ਗੱਡਿਆਂ ਦੇ ਰਾਗ ਪੰਛੀਆਂ ਦੇ ਗੀਤ
ਸ਼ਬਦ ਕੀਰਤਨ ਸਰਬੱਤ ਦੇ ਭਲੇ ਦੀ ਅਰਦਾਸ
ਨਾਨਕ ਜਿਵੇਂ ਆਪ ਪਿੰਡ ਆ ਗਿਆ ਹੋਵੇ
ਮਧਾਣੀਆਂ ਦੀਆਂ ਘੁੰਮਕਾਰਾਂ
ਚੂੜਿਆਂ ਦੀਆਂ ਛਣਕਾਰਾਂ
ਕੰਮਾਂ ਕਾਰਾਂ ਨੂੰ ਜਾਂਦੀ ਮਿਹਨਤ
ਸਕੂਲਾਂ ਕਾਲਜਾਂ ਨੂੰ ਜਾਂਦੇ ਭਵਿੱਖ
ਕਿਤੇ ਕਿਤੇ ਗੀਤ ਹਲਟਾਂ ਦੇ
ਮਹਿਕਾਂ ਉਡਦੀਆਂ ਆਉਣ
ਸੱਜਰੇ ਤੱਤੇ ਗੁੜ੍ਹ ਦੀਆਂ
ਗੰਨੇ ਦੇ ਰਸ 'ਚ
ਲੱਸੀ ਦੇ ਘੋਲ ਘੋਲ ਪੀਤੇ ਨਗ਼ਮੇ
ਕੱਚੀਆਂ ਗ਼ਾਜਰ ਮੂਲੀਆਂ ਦੀਆਂ ਪੁੱਟ ਪੁੱਟ
ਆਡ 'ਚ ਧੋ ਧੋ ਮਾਣੀਆਂ ਲੱਜ਼ਤਾਂ
ਜਾਣ ਬੁੱਝ ਕੇ ਵੱਟਾਂ 'ਤੇ ਟੁਰਨਾ
ਤੇ ਵਾਰ ਵਾਰ ਡਿੱਗਣਾਂ
ਅਜੇ ਫਿਰ ਆ ਕੇ ਅਸੀਂ
ਰੇਤ ਦੇ ਘਰ ਬਨਾਉਣੇ ਤੇ ਆਪੇ ਹੀ ਢ੍ਹਾਉਣੇ ਨੇ
ਛੱਲੀਆਂ ਚੱਬਣੀਆਂ
ਹੋਲਾਂ ਖਾ ਖਾ ਮੂੰਹ ਲਵੇੜ ਲਵੇੜ ਹੱਸਣਾ
ਪਤੰਗ ਉਡਾ ਉਡਾ
ਅਜੇ ਲਾਉਣੇ ਨੇ ਪਿੰਡਾਂ ਦੇ ਅੰਬਰਾਂ ਨੂੰ
ਖੋਜੀਆਂ ਤੋਂ ਖੁਰਾ ਕਢਵਾਉਣਾ ਅਜੇ ਚੋਰਾਂ ਦਾ
ਜੋ ਗਵਾਂਢੀਆਂ ਦੇ ਸੰਨ੍ਹ ਲਾ ਗਏ ਸਨ ਰਾਤੀਂ
ਸਰੋਂ ਦੇ ਝੂੰਮਰ ਪਾਉਂਦੇ
ਖੇਤਾਂ ਦੇ ਨਜ਼ਾਰੇ ਨਾਲ ਨੱਚਣਾ
ਸਾਗ 'ਚ ਤਰਦਾ ਤਰਦਾ ਘਿਓ ਪਾ
ਮੱਕੀ ਦੀਆਂ ਬਿਨਾਂ ਗਿਣੇ ਰੋਟੀਆਂ ਦਾ ਮਜ਼ਾ ਲੈਣਾ
ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਨੀ ਹੈ ਅਜੇ
ਅਨਹਦ ਨਾਦ ਛੇੜਨਾ
ਸਰੋਵਰ 'ਚ ਸੁਨਹਿਰੀ ਤਰਦੀਆਂ
ਤੋਰਾਂ ਦੇਖਣੀਆਂ ਆ ਕੇ
ਨੁੱਕਰ 'ਚ ਬੈਠ ਕਿਤੇ ਯਾਦ ਕਰਨਾ ਨਨਕਾਣੇ ਵਾਲੇ ਨੂੰ
ਅਜੇ ਤਾਂ ਕਬੱਡੀ ਜਿੱਤ ਕੇ
ਲਿਆਉਣੀ ਹੈ ਪਿੰਡ ਲਈ
ਬੇੜੀ ਬਣਾ ਕੇ ਤਾਰਨੀ ਹੈ ਕਾਗਜ਼ ਦੀ ਮੀਂਹਾਂ 'ਚ
ਭੰਬੀਰੀਆਂ ਬਣਾ ਬਣਾ ਦੌੜ੍ਹਨਾ ਗਲੀਆਂ 'ਚ
ਚੈਨ 'ਚੋਂ ਪਜਾਮਾ ਕੱਢਣਾ ਕਾਲਾ ਹੋਇਆ
ਪੰਘੂੜੇ ਝੂਟਣੇ
ਐਨਕਾਂ ਲਿਆਉਣੀਆਂ ਛਿੰਝ 'ਚੋਂ
ਹੀਰ ਦੀਆਂ ਦੀਆਂ ਤਰਜ਼ਾਂ ਕੱਢਣੀਆਂ ਪੀਪਣੀਆਂ ਬਣਾ ਕੇ
ਨੱਚਣਾ ਤੇ ਹੱਸਣਾ ਅਜੇ ਕੱਛਾਂ ਵਜਾ ਵਜਾ ਕੇ
ਹੁਣ ਤੱਕ ਤਾਂ ਮੇਰੇ ਚੀਕਣੀ ਮਿੱਟੀ ਦੇ ਬਣਾਏ
ਧੁੱਪੇ ਪਾਏ ਖਿਡੌਣੇ ਵੀ ਸੁੱਕ ਗਏ ਹੋਣਗੇ
ਕਤੂਰੇ ਗਿਣਨੇ ਅਜੇ
ਪਰਾਲੀ 'ਚ ਦਿਤੇ ਰਾਣੋ ਦੇ
ਜਾਮਣਾਂ ਪੱਕ ਗਈਆਂ ਹੋਣਗੀਆਂ ਖੂਹਾਂ 'ਤੇ
ਮਲ੍ਹਿਆਂ ਦੇ ਬੇਰ
ਥੋਹਰਾਂ ਦੇ ਕੰਡੇ ਹੋਣੇ ਲਵਾਉਣ ਨੂੰ ਬਥੇਰੇ
ਕਾਲੀਆਂ ਘਟਾਵਾਂ ਹੋਣੀਆਂ ਚੜੀਆਂ
ਪਸ਼ੂ ਰੱਜ ਗਏ ਹੋਣੇ ਮੇਰੇ ਚਰਦੇ
ਖੀਸੇ ਆਕੜ ਗਏ ਹੋਣਗੇ ਗੁੜ੍ਹ ਨਾਲ
ਅਜੇ ਵੱਡੀ ਪਿੰਨੀ 'ਤੇ ਅੱਖ ਰੱਖ ਚੱਕਣੀ
ਵੱਡਾ ਲੱਡੂ ਚੱਕਣ ਤੇ ਖੌਰੂ ਪਾਉਣਾ ਆ ਕੇ
ਰੇਤ 'ਤੇ ਲਿਟ ਲਿਟ ਅਜੇ ਅਰਸ਼ ਤੱਕਣਾ
ਮੇਲੇ ਦੇਖਣੇ ਅੰਬਰ ਦੇ ਮੋਢਿਆਂ 'ਤੇ ਚੜ੍ਹ ਕੇ
ਪਿੰਡ ਦੇ ਬਨ੍ਹੇਰਿਆਂ 'ਤੇ ਅਜੇ ਸਪੀਕਰ ਬੰਨ੍ਹਣੇ
ਰੀਕਾਰਡ ਲਵਾਉਣੇ ਅਜੇ ਮਨ ਪਸੰਦੀ ਦੇ
ਅਜੇ ਤਾਂ ਕਬਰਾਂ ਦੇ ਰਾਹ ਪਏ
ਯਾਰ ਘਰਾਂ ਵੱਲ ਮੋੜ੍ਹਨੇ ਨੇ
ਰੁੱਖਾਂ ਨੂੰ ਪੁੱਛਣਾ ਹੈ ਅਜੇ
ਮਾਂ ਮੱਤ ਤੇ ਬਾਪੂ ਵਰਗੀ ਛੱਤ ਦਾ ਸਿਰਨਾਵਾਂ
ਘਰਾਂ 'ਚੋਂ ਲੱਭਣੇ ਨੇ ਟੁੱਟੇ ਜੋੜੇ ਸਾਂਭੇ ਖਿਡੌਣੇ
ਜੰਗਾਲੇ ਜਿੰਦਰਿਆਂ ਦੇ ਹੇਠੋਂ
ਅਜੇ ਅਣਗਿਣਤ ਅੱਥਰੂ ਕਿਰੇ ਟੋਲਣੇ ਨੇ
ਬੂਹਿਆਂ ਨਾਲ ਲਟਕ ਲਟਕ
ਅਜੇ ਲੱਭਣੀਆਂ ਨੇ ਗੁਆਚੀਆਂ ਲੋਰੀਆਂ
ਰਾਹਾਂ 'ਚੋਂ ਵਗਦੇ ਹੰਝੂਆਂ ਦੇ ਦਰਿਆ ਰੋਕਣੇ ਅਜੇ