ਨਹੀਂ ਨਹੀਂ

ਮੈਥੋਂ ਨਹੀਂ ਤਰ ਹੋਣਾ

ਡੂੰਘਾ ਏਡਾ ਵਿਸ਼ਾਲ ਸਾਗਰ

ਬਹੁਤ ਲੰਬਾ ਹੈ ਪੈਂਡਾ

ਮੇਰੀ ਮੰਜ਼ਿਲ ਬਹੁਤ ਦੂਰ

ਦੋਹੀਂ ਪਾਸੀਂ ਜਾਣ ਨੂੰ ਨਾ ਕਹੋ ਮੈਨੂੰ

ਇਹ ਨਹੀਂ ਹੋ ਸਕਣਾ ਮੇਰੇ ਕੋਲੋਂ ਇਕੋ ਵੇਲੇ

ਨਾਨਕ ਦੇ ਰਾਹ ਵਰਗੇ ਰਸਤੇ ਟੋਲਦਾ

ਕੋਈ ਜਾਦੂਗਰ ਨਹੀਂ ਹਾਂ

ਮੈਂ ਪੈਰਾਂ ਹੇਠ ਦੇਖਿਆ ਹੈ

ਹਰ ਪਾਸੇ ਪੁਰਾਣੇ ਹੀ ਰਾਹ ਜਾ ਰਹੇ ਸਨ

ਮੈਂ ਨਵਾਂ ਹੋਰ ਰਾਹ ਲੱਭ ਰਿਹਾ ਹਾਂ

ਜਿੱਧਰ ਅਜੇ ਕੋਈ ਵੀ ਨਹੀਂ ਗਿਆ ਹੈ

ਰਾਹੀਆਂ ਪਿੱਛੇ ਕੀ ਟੁਰਨਾ

ਬਣੇ ਰਾਹਾਂ 'ਤੇ ਕੀ ਜਾਣਾ

ਜ਼ਰੂਰੀ ਹੁੰਦੇ ਨੇ ਨਵੀਂਨ ਰਸਤੇ ਲੱਭਣੇ

ਮਾਰਗ ਬਣਾਉਣੇ ਤੋਤਲੇ ਕੱਲ ਲਈ

ਨਵੀਂ ਪੇਟਿੰਗ ਉਸਾਰਨੀ ਰੰਗਾਂ 'ਚੋਂ

ਖਿਚਣੀ ਕੋਈ ਪੱਕੀ ਲਕੀਰ

ਨਿਰਪੱਖ ਜੇਹਾ ਫੈਸਲਾ ਲਿਖਣਾ

ਇਸ ਤੋਂ ਨਿੱਕੀ ਉਮਰ ਵਾਲਾ ਦਾਅਵਾ

ਮੈਂ ਹੋਰ ਨਹੀਂ ਕਰਾਂਗਾ

ਜੇ ਪੱਬਾਂ ਹੇਠਲੇ ਘਾਹ ਨੂੰ ਹੀ ਨਾ ਪਛਾਣਿਆਂ

ਮਿੱਟੀ ਨਾ ਚੁੰਮੀ ਨਵੇਂ ਰਾਹ ਦੀ

ਪਹਿਨਿਆ ਨਾ ਨਿੱਤ ਨਵਾਂ ਅੰਬਰ

ਪੀਤਾ ਨਾ ਦਰਿਆ ਇਕੋ ਘੁੱਟੇ

ਸਿਆਣਿਆ ਨਾ ਹਰ ਸਵੇਰੇ ਨਿਕਲਦਾ ਸੂਰਜ

ਤਾਂ ਕਿਹੜੀ ਜ਼ਿੰਦਗੀ ਦੀ ਪਰਿਭਾਸ਼ਾ

ਕਿਹੜੇ ਦੁਖਾਂਤ ਦਾ ਵਰਨਣ

ਕਾਲੇ ਹੋ ਜਾਣਗੇ ਰੁੱਖਾਂ ਦੇ ਸਾਰੇ ਪੱਤੇ

ਕਿਰ ਜਾਣਗੇ ਚਮਕਦੇ ਰਹਿੰਦੇ ਵੀ ਸਾਰੇ ਤਾਰੇ

ਜੇ ਇੰਜ ਹੋਇਆ ਸਵੇਰਾ

ਮੈਂ ਆਪਣਾ ਹਰ ਕਦਮ

ਨਵੇਂ ਦਿਨ ਨਵੇਂ ਰਾਹ ਲਈ ਰਾਖਵਾਂ ਰੱਖਿਆ ਹੈ

ਪਹਿਲੇ ਦਿਨ ਵਾਲੀ ਮੇਰੀ ਮੰਜ਼ਿਲ ਨਹੀਂ ਰਹਿੰਦੀ

ਵੱਖਰੇ ਰਾਹਾਂ ਤੇ ਹੀ ਨਵੇਂ ਰੁੱਖ ਟੱਕਰਦੇ ਨੇ

ਨਵੀਂਆਂ ਡਾਲੀਆਂ ਤੇ ਹੀ ਲੱਗੇ ਬੇਰਾਂ ਨੂੰ

ਚੁੰਮਦੇ ਨੇ ਗਾਨੀ ਵਾਲੇ ਤੋਤੇ

ਰਹਿਮਤਾਂ ਵਸਦੀਆਂ ਨੇ ਫੁੱਲ ਖੁਸ਼ਬੂਆਂ ਦੇ ਰੂਪ ਧਾਰ ਕੇ

ਵਾਪਸ ਆਉਣ ਲੱਗਾ ਵੀ

ਹੋਰ ਰਾਹ 'ਤੇ ਪਰਤਾਂਗਾ

ਪੁਰਾਣੇ ਰਸਤੇ ਵੱਲ ਨਾ ਉਡੀਕਿਓ

ਕੋਸ਼ਿਸ਼ ਕੀਤੀ ਕਿ ਦੋਂਹੀਂ ਪਾਸੀਂ ਨਾ ਜਾਵਾਂ

ਦੋ ਨਾਲੋਂ ਇਕ ਮੰਜ਼ਿਲ ਹੀ ਚੰਗੀ

ਵੱਖਰਾ ਰਾਹ ਨਿਵੇਕਲੀ ਯਾਤਰਾ ਤਾਂ ਹੈ

ਦੋ ਬੇੜੀਆਂ ਨਹੀਂ ਕਦੇ ਪਾਰ ਲਾਉਂਦੀਆਂ

ਸੂਰਜ ਨਾਲ ਮੁਲਾਕਾਤ ਰੱਖਣੀ ਹੈ ਤਾਂ

ਅਸਮਾਨ ਵੱਲ ਤੱਕਣਾ ਪਵੇਗਾ

ਤਾਰੇ ਚੁਗਣੇ ਨੇ ਤਾਂ ਫੋਲਣੇ ਪੈਣਗੇ ਬੱਦਲ

📝 ਸੋਧ ਲਈ ਭੇਜੋ