ਨਹੀਂ ਪੜਨੇ ਕਦੇ ਜੇਕਰ

ਨਹੀਂ ਪੜਨੇ ਕਦੇ ਜੇਕਰ, ਮੇਰੇ ਖ਼ਤ ਮੋੜ ਦੇ ਸਾਰੇ

ਅਗਰ ਸਾਕਾਰ ਨਹੀਂ ਕਰਨੇ ਤਾਂ ਸੁਪਨੇ ਤੋੜ ਦੇ ਸਾਰੇ

ਤਲੀ ਮੇਰੀ ਦੇ ਉੱਤੇ ਕੇਰ ਦੇ ਕੁਝ ਲਰਜ਼ਦੇ ਹੰਝੂ

ਕਿ ਮੇਰੇ ਹਾਸਿਆਂ ਵਿਚ ਆਪਣੇ ਗ਼ਮ ਜੋੜ ਦੇ ਸਾਰੇ।

ਬਣਾ ਮਿੱਟੀ ਦਾ ਬਾਵਾ ਬੋਲਦੀ ਹਾਂ ਬਾਵਰੀ ਹੋ ਕੇ

ਕਿਤੇ ਵਸਲਾਂ ਦੇ ਮੌਸਮ ਵੀ ਤਾਂ ਹਾੜਾ ਮੌੜ ਦੇ ਸਾਰੇ

ਕਦੇ ਤੂੰ ਹਿਜ਼ਰ ਦੇ ਦੋ ਬੋਲ ਤਾਂ ਸੁਰਤਾਲ ਵਿਚ ਕਰਕੇ

ਗ਼ਮਾਂ ਵਿਚ ਸਿਸਕਦੇ ਨਗਮੇਂ ਮੇਰੇ 'ਤੇ ਓੜ ਦੇ ਸਾਰੇ

ਮੁਸੀਬਤ ਪੈਣ 'ਤੇ ਕੋਈ ਕਿਸੇ ਦੇ ਕੋਲ ਨਹੀਂ ਆਉਂਦਾ

ਇਦ੍ਹੇ ਵਿਚ ਨਾ ਕੋਈ ਸ਼ੰਕਾ ਕਿ ਸਾਥੀ ਲੋੜ ਦੇ ਸਾਰੇ

ਕਿਤੇ ਫਿਰ ਤੋਂ ਨਾ ਇਹ ਰਿਸ਼ਤਾ ਸੁਮੈਰਾ ਬੋਝ ਬਣ ਜਾਵੇ

ਇਹਦੇ ਤੋਂ ਮੁਕਤ ਹੋ ਜਾ ਤੂੰ ਇਹ ਬੰਧਨ ਤੋੜ ਦੇ ਸਾਰੇ

📝 ਸੋਧ ਲਈ ਭੇਜੋ