ਨਹੀਂ ਪਤਾ ਸੀ

ਨਹੀਂ ਪਤਾ ਸੀ

ਕਿ ਅੱਜ ਫਿਰ ਧਰਤ ਦੀ

ਦਹਿਲੀਜ਼ ਨੇ ਭਿੱਜ ਜਾਣਾ ਸੀ

ਫਿਰ ਦਰਾਂ ਤੇ ਬੈਠੀ ਹੋਣਾ ਸੀ ਉਦਾਸੀ ਪੌਣ ਨੇ

ਬੂਹੇ ਸਾਡੇ ਸੁੰਨੇ ਰਹਿਣੇ ਸਨ

ਕਿ ਭਰ ਜੋਬਨ ਹਵਾਵਾਂ ਨੇ

ਖੜ੍ਹੀਆਂ ਰਹਿਣਾ ਸੀ ਦਰਾਂ 'ਤੇ

ਸੂਹੇ ਚਾਅ ਪਹਿਨ ਕੇ

ਜਿਵੇਂ ਸੁਹਾਗ ਰਾਤ ਦੇ ਪਲ ਮਿਲਦੇ ਹੋਣ

ਇਕ ਦੂਸਰੇ ਨੂੰ ਭੁੱਖੇ ਪਿਆਸੇ

ਤੇ ਉਲਝ ਜਾਣ ਆਪਸ 'ਚ

ਵਾਲਾਂ ਦੀਆਂ ਅਟਕਾਂ ਵਾਂਗ

ਓਦੋਂ ਜਦ ਚੰਨ ਸ਼ਰਮਾਂਦਾ ਹੈ

ਤੱਕਦਾ ਹੈ ਪਲ ਪਲ

ਭਰੀ ਹਿੱਕ 'ਚੋਂ ਡੁੱਲ੍ਹਦੀਆਂ ਹਨ ਖੁਸ਼ਬੂਆਂ

ਜਦੋਂ ਕੱਚੀਆਂ ਉਮੰਗਾਂ ਦਾ ਸਾਥ

ਟੁਰਦਾ ਹੈ ਹੌਲੀ ਹੌਲੀ

ਮਟਕ ਮਟਕ ਪੱਬ ਧਰਦਾ

ਕਦੇ ਅਗਾਂਹ ਤੇ ਕਦੇ ਪਿਛਾਂਹ ਨੂੰ

ਜਦੋਂ ਹੜ੍ਹ ਆਉਂਦਾ ਹੈ ਸੱਧਰਾਂ ਦਾ

ਪਹਿਲ ਵਰੇਸ ਮੁਸਕਰਾਂਦੀ ਹੈ ਆਪ ਮੁਹਾਰੇ

ਸ਼ੀਸ਼ੇ ਨੂੰ ਦੇਖਦੀ

ਤਾਰਿਆਂ ਲੱਦੀ ਰਾਤ

ਲੋਚਦੀ ਹੈ ਸੰਗ ਕਿਸੇ ਚੰਨ੍ਹੜੇ ਦਾ

ਅਜੇ ਜਦੋਂ ਅੰਗ ਅੰਗ ਸੁੱਚਾ ਹੁੰਦਾ ਹੈ

ਮੀਂਢੀਆਂ ਦੀ ਉਮਰ ਖੇਡਦੀ ਹੈ ਗੀਟੇ

ਵਾਲ ਜਦੋਂ ਸਿੱਖਦੇ ਨੇ ਜੂੜਾ ਬਣਨਾ

ਕਲਿੱਪ ਜਦੋਂ ਟੁੰਗੇ ਜਾਂਦੇ ਹਨ ਵੰਨ-ਸੁਵੰਨੇ

ਬੁੱਲ ਸੁਰæਖੀ ਭਾਲਦੇ ਹਨ ਜਦੋਂ

ਚਿਰਾਂ ਦੇ ਸੁੱਤੇ ਸੁਪਨੇ

ਧੁਖ਼ਦੇ ਹਨ ਜਦ ਹਿੱਕ ਦੀਆਂ ਪਰਤਾਂ 'ਚ

ਚਿੱਟੀਆਂ ਵੀਣੀਆਂ ਜਦ ਲਾਲ ਚੂੜਾ ਲੋਚਦੀਆਂ ਹਨ

ਕੱਚੇ ਅੰਗ ਜਦ ਵਟਣੇ ਦੀ ਰੁੱਤ ਭਾਲਦੇ ਨੇ

ਭੁੱਖੀਆਂ ਉਮੀਦਾਂ ਨੂੰ

ਜਦ ਕਰਵਟਾਂ ਨਹੀਂ ਸੌਣ ਦਿੰਦੀਆਂ

ਸੁਫ਼ਨਿਆਂ 'ਚ ਜਦ

ਓਹਦੇ ਬਗੈæਰ ਕੋਈ ਹੋਰ ਨਹੀਂ ਆਉਂਦਾ

ਕੁਆਰੀ ਜਿੰਦ ਇਕੱਲੀ ਦਾ

ਜਦ ਜੀਅ ਨਹੀਂ ਲੱਗਦਾ

ਗੁਣ-ਗੁਨਾਉਣਾ ਲੱਗਦਾ ਹੈ ਜਦ ਮਾਹੀਆ ਸੋਹਣਾ

ਜਦ ਤੀਰਥਾਂ 'ਤੇ

ਕਿਸੇ ਆਪਣੇ ਲਈ

ਸੁੱਖਾਂ ਸੁੱਖੀਆਂ ਜਾਂਦੀਆਂ ਹਨ

ਕæੋਰੇ ਕਾਗਤਾਂ 'ਤੇ ਦਿਲ ਬਣਾ ਕੇ ਨਾਂ ਲਿਖ

ਕੰਧਾਂ ਉਪਰੋਂ ਦੀ ਸੁੱਟੇ ਜਾਂਦੇ ਹਨ

ਬਹਾਨੇ ਜਦ ਕਿਤਾਬਾਂ 'ਚ

ਮੁਹੱਬਤ ਦੇ ਖ਼ਤ ਰੱਖਦੇ ਹਨ

ਅੱਲੜ ਉਮਰਾਂ ਨੂੰ ਜਦ ਭੁੱਖ ਭੁੱਲ ਜਾਂਦੀ ਹੈ

ਜਦੋਂ ਕੋਈ ਸੂਈ ਧਾਗਾ

ਕਿਸੇ ਦਾ ਨਾਂ ਕੱਢਦਾ ਹੈ ਰੁਮਾਲ 'ਤੇ

ਦਿਲ ਕਰਦਾ ਹੈ ਜਦ

ਨਦੀ 'ਚ 'ਕੱਠੇ ਚਾਅ ਤਾਰਨ ਨੂੰ

ਸਦੀਆਂ ਦੀ ਸਾਂਭੀ

ਸੁੱਤੀ ਚੁੱਪ ਜੇਹੀ ਅੱਗ ਠਾਰਨ ਨੂੰ

ਅੰਗ ਛੂਹਣ ਛੂਹਣ ਖੇਡਣ ਨੂੰ

ਤੇ ਕਿਤੇ ਦੂਰ ਜਾ ਕੇ

ਲੁਕ ਛੁਪ ਜਾਣ ਨੂੰ ਇਕ ਦੂਸਰੇ 'ਚ

ਜਿੱਥੇ ਮਹਿੰਦੀ ਦੇ ਰੰਗ ਨਾਲ ਜੇਬਾਂ ਭਰਦੀਆਂ ਹਨ

ਲੇਖ ਬਦਲਦੇ ਹਨ

ਰੁੱਸੀਆਂ ਦੁਪਹਿਰਾਂ

ਬਾਹਾਂ ਗਲ 'ਚ ਹਾਰ ਬਣ ਲਿਪਟ ਜਾਂਦੀਆਂ ਹਨ

ਸੁਗੰਧੀਆਂ ਸਾਹਾਂ 'ਚ ਵਹਿਣ ਬਣਦੀਆਂ ਨੇ

ਮੁੱਕ ਜਾਂਦੀਆਂ ਨੇ ਉਡੀਕਾਂ

ਬਲਦੀਆਂ ਹਿੱਕਾਂ ਦੀਆਂ ਤਰੀਕਾਂ

ਵਾਹੀਆਂ ਕੰਧਾਂ ਉੱਤੇ ਲੀਕਾਂ

ਅੱਧੀ ਰਾਤ ਦੀਆਂ ਚੀਕਾਂ

ਚੰਦਰੇ ਜਹਾਨ ਦੀਆਂ ਰੀਤਾਂ

📝 ਸੋਧ ਲਈ ਭੇਜੋ