ਨਹੀਂ ਸੀ ਚਾਹੁੰਦਾ

ਯਕੀਨ ਜਾਣੀ

ਮੈਂ ਤੈਨੂੰ

ਉਦਾਸ ਨਹੀਂ ਸਾਂ ਵੇਖਣਾ ਚਾਹੁੰਦਾ

 

ਮੈਂ ਤਾਂ

ਆਪਣਾ ਸਾਰਾ ਪਿਆਰ

ਸਾਰੀਆਂ ਖੁਸ਼ੀਆਂ

ਆਪਣੇ ਸਾਰੇ ਚੰਦ ਸਿਤਾਰੇ

ਤੇਰੀ ਝੋਲੀ ਵਿੱਚ

ਉਲੱਦ ਦੇਣਾ ਚਾਹੁੰਦਾ ਸਾਂ

 

ਮੈਂ ਚਾਹੁੰਦਾ ਸਾਂ

ਤੇਰੇ ਹੋਠਾਂ ਤੇ ਸਦਾ

ਚਹਿਕਦਾ ਰਹਿਣਾ

ਗੀਤ ਬਣ ਕੇ

ਤੇਰੇ ਮਨ ’ਚ

ਮਹਿਕਦਾ ਰਹਿਣਾ

ਸੰਗੀਤ ਬਣ ਕੇ

 

ਮੈਂ ਤੇਰੀ ਉਦਾਸੀ ਚੁਰਾ ਕੇ

ਦੂਰ ਜੰਗਲ ਵਿੱਚ

ਛੱਡ ਆਉਣੀ ਚਾਹੁੰਦਾ ਸਾਂ

ਤੇ ਤੇਰੀਆਂ ਤਨਹਾਈਆਂ ਵਿੱਚ

ਕੋਈ ਖੂਬਸੂਰਤ ਨਗ਼ਮਾ ਬਣ ਕੇ

ਗੁਣਗੁਣਾਉਣਾ ਚਾਹੁੰਦਾ ਸਾਂ

 

ਜਦੋਂ ਤੂੰ

ਉਦਾਸ ਹਨੇਰੇ

ਕਮਰੇ ’ਚ ਲੇਟੀ

ਬੱਤੀ ਜਗਾਉਣ ਤੋਂ ਵੀ

ਡਰਦੀ ਹੋਵੇਂ

ਮੈਂ ਤੇਰੇ ਕਮਰੇ ਵਿੱਚ

ਸੂਰਜ ਬਣ ਕੇ

ਫੈਲ ਜਾਣਾ ਚਾਹੁੰਦਾ ਸਾਂ

ਤੇ ਉਦਾਸ ਹਨੇਰੇ ਜੰਗਲ ’ਚੋਂ

ਤੈਨੂੰ ਉੰਗਲ ਫੜ ਕੇ

ਮੋੜ ਲਿਆਉਣਾ ਚਾਹੁੰਦਾ ਸਾਂ

 

ਜੇ ਮੇਰੀ ਮੁਹੱਬਤ

ਤੇਰੀਆਂ ਅੱਖਾਂ ਦਾ

ਅੱਥਰੂ ਬਣਦੀ ਹੈ

ਜੇ ਮੇਰੀ ਯਾਦ

ਤੇਰੀ ਸਿਸਕੀਆਂ ਵਿੱਚ

ਤਬਦੀਲ ਹੁੰਦੀ ਹੈ

ਤਾਂ ਯਕੀਨ ਕਰੀਂ

ਮੈਂ ਇਸ ਤਰਾਂ ਨਹੀਂ ਸਾਂ ਚਾਹੁੰਦਾ

 

ਹਰਗਿਜ਼ ਨਹੀਂ ਸਾਂ ਚਾਹੁੰਦਾ....।

📝 ਸੋਧ ਲਈ ਭੇਜੋ