ਨੈਣ ਕਟੋਰੇ ਜਗ ਵੇਖਣ ਨੂੰ,
ਚਿਹਰੇ ਤਾਈਂ ਸਜਾਏ ਨੇ
ਰੱਬੀ ਰੰਗ ਵੇਖ ਸੋਹਣਿਆਂ
ਰੰਗ ਸਾਰੇ ਕੁਦਰਤ ਜਾਏ ਨੇ
ਰੰਗ ਪਤਝੜ, ਗਰਮੀ, ਸਰਦੀ ਦੇ
ਰੰਗ ਬਾਗੀਂ ਮਸਤ ਬਹਾਰਾਂ ਦੇ
ਰੰਗ ਬੇਲੇ ਪਰਬਤ ਫੁੱਲਾਂ ਦੇ
ਰੰਗ ਸੂਹ ਅੱਲੜ ਮੁਟਿਆਰਾਂ ਦੇ
ਰੰਗ ਹਰੀ ਭਰੀ ਹਰਿਆਵਲ ਦੇ
ਰੰਗ ਉਡਦੀਆਂ ਕੂੰਜਾਂ ਡਾਰਾਂ ਦੇ
ਰੰਗ ਸ਼ਾਮਾਂ ਦੀਆਂ ਉਡੀਕਾਂ ਦੇ
ਰੰਗ ਸੁਬਹ ਦੀਆਂ ਸਰਸ਼ਾਰਾਂ ਦੇ
ਤੇਰੇ ਨਾਲ ਖੜਾ ਕੋਈ ਐਪਰ
ਉਹ ਵੀ ਸਭ ਕੁੱਝ ਵੇਖ ਰਿਹਾ ਹੈ
ਤੇਰੀ ਤੱਕਣੀ, ਲਿਖਣੀ ਉਸਦੀ
ਉਹ ਲਿਖਦਾ ਤੇਰੇ ਲੇਖ ਰਿਹਾ ਹੈ
ਖ਼ੂਬ ਹੈ ਨੈਣਾਂ ਦਾ ਨਜ਼ਰਾਨਾ
ਜਿਸ ਦਿੱਤਾ ਉਹਨੂੰ ਭੁਲਾਈਂ ਨਾ
ਛੋੜ ਕੇ ‘ਉੱਪਲ’ ਜੋਤ ਦਾ ਚਸ਼ਮਾ
ਹੋਰ ਕਿੱਧਰੇ ਸੀਸ ਝੁਕਾਈਂ ਨਾ।