ਨੈਣ ਮੇਰੇ ਸੁੰਨੀਆਂ

ਨੈਣ ਮੇਰੇ ਸੁੰਨੀਆਂ ਰਾਤਾਂ 'ਚ ਵੀ ਨੇ ਜਾਗਦੇ,

ਟੁਟਦੇ ਆਕਾਸ਼ ਉਤੋਂ ਮੈਂ ਸਿਤਾਰੇ ਵੇਖਦਾਂ

ਰਾਖ਼ ਦੀ ਢੇਰੀ ਕਹਾਣੀ ਸੁਪਨਿਆਂ ਦੀ ਦੱਸਦੀ,

ਸਿਸਕਦੇ ਹੋਏ ਨਿਤ ਹੀ ਮੈਂ ਚਾਅ ਕਵਾਰੇ ਵੇਖਦਾਂ

ਪੌਣ ਠੰਢੀ ਅੱਜ ਅੰਗਾਂ ਮੇਰਿਆਂ ਨੂੰ ਪੱਛਦੀ,

ਰੁੱਖ ਸੁੱਕੇ ਵਾਂਗ ਕੀਕਰ ਜ਼ਿੰਦਗੀ ਵੀਰਾਨ ਹੈ

ਨੂਰ ਦੀ ਕੋਈ ਕਿਰਨ ਨੇੜੇ ਨਾ ਮੇਰੇ ਢੁੱਕਦੀ,

ਚੰਨ ਬਾਝੋਂ ਕੀ ਭਲਾ ਇਹ ਸੱਖਣਾ ਅਸਮਾਨ ਹੈ

ਮੇਰੀਆਂ ਨਜ਼ਰਾਂ 'ਚ ਤਰਦੀ, ਅੱਜ ਤੀਕਰ ਉੇਹ ਘੜੀ,

ਬੁੱਤ ਤੇਰਾ ਨ੍ਹੇਰੀਆਂ ਵਾਟਾਂ 'ਚ ਕਿਧਰੇ ਖੋ ਗਿਆ

ਹਿੱਕ ਅੰਦਰ ਸ਼ੂਕਦੇ ਅਰਮਾਨ ਸੂਹੇ ਸੌਂ ਗਏ,

ਪੈਰ ਹਾਥੀ ਦਾ ਜਿਵੇਂ ਕਿ ਫੁੱਲ ਸੁੱਚੇ ਕੋਹ ਗਿਆ

ਕਦੇ ਇਹਨਾਂ ਅੱਖੀਆਂ 'ਚ ਲਿਸ਼ਕਦੀ ਸੀ ਸਤਰੰਗੀ,

ਅੱਜ ਇਹ ਬਰਸਾਤ ਵਾਂਗੂੰ ਕਿਸ ਤਰ੍ਹਾਂ ਨੇ ਵਹਿੰਦੀਆਂ

ਹੁਸਨ ਅਤੇ ਇਸ਼ਕ ਦੇ ਮੱਥੇ ਸਿਆਹੀਆਂ ਜੰਮੀਆਂ,

ਅੱਜ ਰਾਤਾਂ ਵੀ ਖਿਜ਼ਾਂ ਦੀ ਨੇ ਕਹਾਣੀ ਕਹਿੰਦੀਆਂ

ਛਣਕਦੇ ਹੋਏ ਹਾਸਿਆਂ ਦੀ ਮੌਤ ਵਰਗੀ ਚੁਪ ਹੈ,

ਚਹਿਕਦੇ ਹੋਏ ਪੰਛੀਆਂ ਦੇ ਖੰਭ ਖੋਹੇ ਗਏ ਨੇ

ਸਰਘੀਆਂ ਇਹ ਕਹਿਕਸ਼ਾਂ, ਇਹ ਪਹੁ-ਫੁਟਾਲੇ ਰੰਗਲੇ,

ਸੁਹਜ ਦੇ ਇਹ ਚਿੰਨ੍ਹ ਸਾਰੇ ਕਿੰਜ ਕੋਹੇ ਗਏ ਨੇ

ਕਲਪਣਾਂ ਦੇ ਖੰਭ ਟੁੱਟੇ, ਚੱਲੀਆਂ ਜਾਂ ਨ੍ਹੇਰੀਆਂ,

ਹੱਸਦੀ ਹੋਈ ਜ਼ਿੰਦਗੀ ਵੀ ਲਾਸ਼ ਬਣ ਕੇ ਰਹਿ ਗਈ

ਪੈਰ ਜਿਹੜੇ ਮੰਜ਼ਲਾਂ ਵਲ ਉਠਦੇ ਸਨ ਹਰ ਸਮੇਂ,

ਅੱਜ ਉਹਨਾਂ ਨੂੰ ਜਿਵੇਂ ਜ਼ੰਜੀਰ ਕੋਈ ਪੈ ਗਈ

ਹੁਸਨ ਭੁੱਖਾ, ਕਿਰਤ ਭੁੱਖੀ, ਵਿਲਕਦੀ ਹੈ ਜ਼ਿੰਦਗੀ,

ਸੱਧਰਾਂ ਦਰਵੇਸ਼ ਵਾਂਗੂੰ ਹੱਥ ਅੱਡੀ ਰੋਂਦੀਆਂ

ਧਰਤ ਸਾਡੀ ਦੇ ਚਿਰਾਂ ਤੋਂ ਬੁਲ੍ਹ ਸੁੱਕੇ ਹੋਏ ਨੇ,

ਅੰਬਰਾਂ ਤੋਂ ਖ਼ੂਨ ਦੀਆਂ ਨੇ ਘਰਾਲਾਂ ਚੋਂਦੀਆਂ

ਪੁਛਦਾ ਹਾਂ ਮੈਂ ਤੁਹਾਨੂੰ ਜ਼ਿੰਦਗੀ ਦੇ ਆਸ਼ਕੋ,

ਸੱਖਣੇ ਕੀ ਆਸ ਮੇਰੀ ਦੇ ਬਨੇਰੇ ਰਹਿਣਗੇ ?

ਇੰਜ ਹੀ ਕੀ ਪਿਆਰ ਦੀ ਕਤਲਾਮ ਹੁੰਦੀ ਰਹੇਗੀ ?

ਇੰਜ ਹੀ ਕੀ ਇਹ ਉਡੀਕਾਂ ਤੇ ਹਨੇਰੇ ਰਹਿਣਗੇ ?

📝 ਸੋਧ ਲਈ ਭੇਜੋ