ਨੈਣਾਂ ਦੇ ਦਰ
ਰਿਸ਼ਮ ਸਲਾਈਆਂ
ਹਾਉਕੇ ਯਾਦਾਂ ਵਿਹੜੇ ਵੇ
ਬੂਹਾ ਨਾ ਖੋਲ੍ਹੇਂ
ਦਰਦ ਨਾ ਦੱਸਦਾ
ਦੱਸ ਦੁਖੜੇ ਤੈਨੂੰ ਕਿਹੜੇ ਵੇ
ਰੁੱਤ ਕੁਆਰੀ ਵਰੇਸ ਪਹਿਲੜੀ
ਸੁਗੰਧੀਆਂ ਚਾਰ ਚੁਫੇਰੇ ਵੇ
ਮਹਿੰਦੀ ਦੇ ਰੰਗ ਨੂੰ ਚਾਅ ਚੜ੍ਹਿਆ
ਸੁੱਚੇ ਅੰਗ ਬਥੇਰੇ ਵੇ
ਵਟਣਾ ਸੱਧਰਾਂ ਤੇ ਮਲਿਆ
ਨਸੀਬੀਂ ਮਾਰੀਆਂ ਲੀਕਾਂ ਵੇ
ਧੁਖ਼ਦੀ ਹਿੱਕ ਦੁਪਹਿਰੇ ਬੈਠੀ
ਸਾਹੀਂ ਰਾਹੀਂ ਚੀਸਾਂ ਵੇ
ਕਿਤੇ ਮਰ ਨਾ ਜਾਵੇ ਖੁਸ਼ਬੂ
ਬੂਹੀਂ ਮਾਰ ਕੇ ਗੇੜੇ ਵੇ
ਗਿੱਲੇ ਵਾਲ ਧੁਖਦੀਆਂ ਰੀਝਾਂ
ਬਿਠਾਵਾਂ ਸੂਹੇ ਵੇਸ ਕਿੱਥੇ
ਹਿੱਕ ਭਰੀ ਪਈ
ਡੁੱਲਦੀਆਂ ਮਹਿਕਾਂ
ਖੜੀ ਹਾਂ ਮੱਲ ਬਨ੍ਹੇਰੇ ਵੇ
ਛੱਡ ਆਈ ਜ਼ਿੰਦ
ਹੋਣੀ ਦੇ ਕੰਢੇ
ਮੇਰੇ ਸੁਫ਼ਨੇ ਵਿੱਚ
ਉਮੀਦਾਂ ਫੰਦੇ
ਵੇ ਭਲਕ ਨਾ ਆਈ ਤੇਰੀ
ਖ਼ਾਬਾਂ ਦੇ ਵਿਚ ਮੇਰੇ ਵੇ